ਅੰਮ੍ਰਿਤਸਰ ਸ਼ਹਿਰ ਦੀ ਹਰ ਗਲੀ ਨੂੰ ਕੀਤਾ ਜਾ ਰਿਹਾ ਵਾਇਰਸ ਮੁਕਤ – ਮੇਅਰ

288

Amritsar city

 

ਅੰਮ੍ਰਿਤਸਰ, 8 ਅਪ੍ਰੈਲ 2020 – ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਈ ਰੱਖਣ ਲਈ ਸ਼ਹਿਰ ਵਿਚ ਲਗਾਤਾਰ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉੁਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ 85 ਵਾਰਡਾਂ ਵਿਚ ਪੈਂਦੀਆਂ ਵੱਡੀਆਂ ਗਲੀਆਂ ਤੇ ਖੁੱਲੀਆਂ ਸੜਕਾਂ ਉਤੇ ਪਹਿਲਾਂ ਫਾਇਰ ਟੈਂਡਰ ਲਗਾ ਕੇ ਵਾਇਰਸ ਦੇ ਖਾਤਮੇ ਲਈ ਹਾਈਪੋ ਕਲੋਰਾਈਡ ਦੀ ਸਪਰੇਅ ਕਰਵਾਈ ਗਈ ਹੈ। ਇਸ ਤੋਂ ਬਾਅਦ ਛੋਟੀਆਂ ਗਲੀਆਂ ਵਿਚ ਪਹਿਲਾਂ ਪ੍ਰਤੀ ਵਾਰਡ ਇਕ ਆਦਮੀ ਸਪਰੇਅ ਪੰਪ ਨਾਲ ਲਗਾਇਆ ਗਿਆ ਸੀ ਅਤੇ ਹੁਣ ਹਰੇਕ ਵਾਰਡ ਵਿਚ 2 ਸਪਰੇਅ ਪੰਪ ਕੰਮ ਕਰ ਰਹੇ ਹਨ। ਸ. ਰਿੰਟੂ ਨੇ ਦੱਸਿਆ ਕਿ ਇਹ ਕੰਮ ਵੀ ਲਗਭਗ 90 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਛੇਤੀ ਹੀ ਸ਼ਹਿਰ ਦੀ ਹਰ ਗਲੀ ਵਿਚ ਸਪਰੇਅ ਕਰਨ ਦਾ ਟੀਚਾ ਪੂਰਾ ਕਰ ਲਵਾਂਗੇ। ਮੇਅਰ ਨੇ ਦੱਸਿਆ ਕਿ ਅਸੀਂ ਹਰ ਘਰ ਦੇ ਦਰਵਾਜੇ ਤੱਕ ਰਸਾਇਣ ਦਾ ਸਪਰੇਅ ਕਰਨ ਦਾ ਕੰਮ ਪੂਰਾ ਕਰਨ ਵਾਲੇ ਹਨ, ਜਿਸ ਨਾਲ ਸਾਰੀਆਂ ਜਨਤਕ ਥਾਵਾਂ ਦੀ ਵਾਇਰਸ ਤੋਂ ਸਫਾਈ ਹੋ ਜਾਵੇਗੀ।

 

Amritsar city

 

ਮੇਅਰ ਸ. ਕਰਮਜੀਤ ਸਿੰਘ ਨੇ ਇਸ ਕੰਮ ਲਈ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਕੀਤੀ ਮਿਹਨਤ ਉਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਕਮਿਸ਼ਨਰ ਸ੍ਰੀਮਤੀ ਕੋਮਲ ਮਿਤਲ ਦੀ ਅਗਵਾਈ ਹੇਠ ਸਾਡੀ ਸਿਹਤ ਵਿਭਾਗ ਦੀ ਟੀਮ, ਜਿਸ ਵਿਚ ਡਾ. ਯੋਗੇਸ਼ ਅਤੇ ਡਾ. ਅਜੇ ਕੁਮਾਰ ਸ਼ਾਮਿਲ ਹਨ, ਨੇ ਦਿਨ-ਰਾਤ ਇਕ ਕਰਕੇ ਇਹ ਕੰਮ ਪੂਰਾ ਕਰਵਾਇਆ ਹੈ। ਉਨਾਂ ਦੱਸਿਆ ਕਿ ਪਹਿਲੇ ਦਸ ਦਿਨ ਤਾਂ ਸਾਡੀਆਂ ਟੀਮਾਂ 2-2 ਸਿਫਟਾਂ ਵਿਚ ਕੰਮ ਕਰਦੀਆਂ ਰਹੀਆਂ। ਸਪਰੇਅ ਦਾ ਕੰਮ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਰਾਤ 10 ਵਜੇ ਤੱਕ ਚੱਲਦਾ ਸੀ ਅਤੇ ਲੋਕਾਂ ਵਿਚ ਖਿੱਚ ਇੰਨੀ ਜ਼ਿਆਦਾ ਸੀ ਕਿ ਉਹ ਆਪਣੇ ਆਲੇ-ਦੁਆਲੇ ਦਾ ਕੰਮ ਪਹਿਲਾਂ ਕਰਵਾਉਣ ਲਈ ਜ਼ੋਰ ਪਾਉਂਦੇ ਸਨ। ਉਨਾਂ ਦੱਸਿਆ ਕਿ ਉਕਤ ਕੰਮ ਨੂੰ ਨੇਪਰੇ ਚਾੜਨ ਲਈ ਸੈਨੇਟਰੀ ਇੰਸਪੈਕਟਰ ਅਤੇ ਚੀਫ ਸੈਨੇਟਰੀ ਇੰਸਪੈਕਟਰਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ।

 

Amritsar city

 

ਉਨ੍ਹਾਂ ਦੱਸਿਆ ਕਿ ਲਗਾਤਾਰ ਮੁਨਾਦੀ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਉਪਰਾਲੇ ਦਾ ਫਾਇਦਾ ਤਾਂ ਹੀ ਹੈ ਜੇਕਰ ਲੋਕ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ, ਤਾਂ ਜੋ ਵਾਇਰਸ ਨੂੰ ਫੈਲਣ ਦਾ ਮੌਕਾ ਨਾ ਮਿਲੇ।