ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਆਸਾਮੀਆਂ ਛੇਤੀ ਭਰੀਆਂ ਜਾਣਗੀਆਂ – ਸੋਨੀ

123

Government Medical Colleges

 

ਅੰਮ੍ਰਿਤਸਰ, 16 ਸਤੰਬਰ 2019 – ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਅਤੇ ਇਸ ਦੇ ਨਾਲ-ਨਾਲ ਇੰਨਾਂ ਦਾ ਮੁੱਢਲਾ ਢਾਂਚਾ ਵਿਕਸਤ ਕਰਕੇ ਹਰੇਕ ਤਰਾਂ ਦੇ ਡਾਕਟਰੀ ਟੈਸਟ ਹਸਪਤਾਲ ਦੇ ਅੰਦਰੋਂ ਹੀ ਕਰਨ ਦੀ ਸਹੂਲਤ ਮਰੀਜਾਂ ਨੂੰ ਦਿੱਤੀ ਜਾਵੇਗੀ। ਅੱਜ ਉਨਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਉਚ ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਸ਼੍ਰੀ ਡੀ ਕੇ ਤਿਵਾੜੀ ਸਕੱਤਰ ਮੈਡੀਕਲ ਸਿੱਖਿਆ, ਡਾ: ਕੇ ਕੇ ਤਲਵਾੜ ਸਲਾਹਕਾਰ ਮੁੱਖ ਮੰਤਰੀ ਪੰਜਾਬ, ਡਾ: ਅਵਨੀਸ਼ ਕੁਮਾਰ ਡੀ ਆਰ ਐਮ ਈ, ਡਾ: ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ, ਸ਼੍ਰੀ ਸ਼ਿਵਰਾਜ ਸਿੰਘ ਬੱਲ ਐਸ ਡੀ ਐਮ, ਸ਼੍ਰੀ ਸੰਦੀਪ ਮਲਿਕ ਏ ਡੀ ਸੀ ਪੀ, ਡਾ: ਜੇ ਐਸ ਕੁਲਾਰ ਮੈਡੀਕਲ ਸੁਪਰਡੰਟ,ਐਕਸੀਅਨ ਇੰਦਰਜੀਤ ਸਿੰਘ, ਐਸ ਡੀ ਓ ਵਿਸ਼ਵਜੀਤ ਤੋ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ, ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋ ਇਲਾਵਾ ਮੈਡੀਕਲ ਕਾਲਜ ਦੇ ਵਿਭਾਗਾਂ ਦੇ ਸਾਰੇ ਮੁਖੀ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਮੀਟਿੰਗ ਦੌਰਾਨ ਕਾਲਜ ਦੀ ਪ੍ਰਿੰਸੀਪਲ ਕੋਲੋਂ ਕਾਲਜ ਵਿਚ ਖਾਲੀ ਪਈਆਂ ਆਸਾਮੀਆਂ ਦੀ ਪੂਰੀ ਜਾਣਕਾਰੀ ਲਈ ਅਤੇ ਕਿਹਾ ਕਿ ਜਲਦ ਹੀ ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਸਾਰੀਆਂ ਆਸਾਮੀਆਂ ਨੂੰ ਭਰਿਆ ਜਾਵੇਗਾ। ਸ੍ਰੀ ਸੋਨੀ ਨੇ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਵਿਚ ਬੰਦ ਪਈ ਮਸ਼ੀਨਰੀ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਮਰੀਜਾ ਨੂੰ ਆਪਣੇ ਟੈਸਟ ਕਰਵਾਉਣ ਲਈ ਪਾ੍ਰਈਵੇਟ ਲੈਬੋਰਟਰੀਆਂ ਵਿਚ ਨਾ ਜਾਣਾ ਪਵੇ।

 

Government Medical Colleges

 

ਉਨਾਂ ਸਖ਼ਤ ਸ਼ਬਦਾਂ ਵਿਚ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵਿਭਾਗ ਦੀ ਮਸ਼ੀਨਰੀ ਬੰਦ ਹੋਈ ਤਾਂ ਸਬੰਧਤ ਮੁਖੀ ਜਿੰਮੇਵਾਰ ਹੋਵੇਗਾ। ਸ਼੍ਰੀ ਸੋਨੀ ਨੇ ਕਿਹਾ ਕਿ ਜਿਹੜੀਆਂ ਮਸ਼ੀਨਾਂ ਨੂੰ ਰਿਪੇਅਰ ਦੀ ਜ਼ਰੂਰਤ ਹੈ ਦੀ ਤੁਰੰਤ ਰਿਪੇਅਰ ਕਰਵਾਈ ਜਾਵੇ ਅਤੇ ਮਸ਼ੀਨਾਂ ਦੀ ਰਿਪੇਅਰ ਲਈ ਕਾਲਜ ਵਿਖੇ ਹੀ ਇਕ ਵਰਕਸ਼ਾਪ ਦਾ ਨਿਰਮਾਣ ਕੀਤਾ ਜਾਵੇ। ਉਨਾਂ ਕਿਹਾ ਕਿ ਵਰਕਸ਼ਾਪ ਦੇ ਨਿਰਮਾਣ ਹੋਣ ਨਾਲ ਮਸ਼ੀਨਰੀ ਖ਼ਰਾਬ ਹੋਣ ਦੀ ਸੂਰਤ ਵਿਚ ਉਸੇ ਹੀ ਸਮੇਂ ਮੁਰੰਮਤ ਹੋ ਸਕੇਗੀ।

ਸ਼੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਸਭ ਤੋਂ ਪੁਰਾਣਾ ਕਾਲਜ ਹੈ ਅਤੇ ਦੇਸ਼ ਦੇ ਵੱਡੇ-ਵੱਡੇ ਡਾਕਟਰ ਇਸ ਕਾਲਜ ਦੀ ਦੇਣ ਹਨ। ਉਨਾਂ ਕਿਹਾ ਕਿ ਇਸ ਕਾਲਜ ਦਾ ਮੁਕੰਮਲ ਵਿਕਾਸ ਕਰਕੇ ਇਸ ਦਾ ਨਾਂ ਮੁੜ ਰੌਸ਼ਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ਼੍ਰੀ ਸੋਨੀ ਨੇ ਕਿਹਾ ਕਿ ਇਸ ਕਾਲਜ ਵਿਚ ਐਮ ਡੀ ਕਰਨ ਵਾਲੇ ਡਾਕਟਰਾਂ ਨੂੰ ਇਕ ਸਾਲ ਕਾਲਜ ਵਿਚ ਸੇਵਾਵਾਂ ਦੇਣਾ ਵੀ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਸਟਾਫ ਦੀ ਕਮੀ ਦੂਰ ਕਰਕੇ ਮਰੀਜਾਂ ਨੂੰ ਸਹੂਲਤ ਦਿੱਤੀ ਜਾ ਸਕੇ। ਉਨਾਂ ਹਸਪਤਾਲ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਤੇ ਆਕਸੀਜਨ ਪਲਾਂਟ ਨੂੰ ਚਾਲੂ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਉਕਤ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਕੇ ਵਿਦਿਆਰਥੀਆਂ ਤੇ ਮਰੀਜਾਂ ਨੂੰ ਰਾਹਤ ਦਿੱਤੀ ਜਾਵੇ। ਸ੍ਰੀ ਸੋਨੀ ਨੇ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹਸਪਤਾਲ ਤੇ ਕਾਲਜ ਵਿਚ ਸੂਰਜੀ ਊਰਜਾ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਦਾ ਐਲਾਨ ਵੀ ਕੀਤਾ। ਉਨਾਂ ਹਸਪਤਾਲ ਵਿਚ ਆਕਸੀਜਨ ਦੀ ਵਰਤੋਂ ਬਾਰੇ ਪੈਦਾ ਹੋਏ ਖਦਸ਼ਿਆਂ ਦੀ ਰਿਪੋਰਟ ਮੰਗਦੇ ਇਸ ਨੂੰ 15 ਦਿਨਾਂ ਵਿਚ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਸ਼੍ਰੀ ਸੋਨੀ ਨੇ ਪੁਲਸ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਖੇ ਘੁੰਮ ਰਹੇ ਦਲਾਲਾਂ ਨੂੰ ਨੱਥ ਪਾਈ ਜਾਵੇ। ਉਨਾਂ ਮੈਡੀਕਲ ਸੁਪਰਡੰਟ ਨੂੰ ਵੀ ਹਦਾਇਤ ਕੀਤੀ ਕਿ ਵਾਰਡਾਂ ਦੀ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ।