ਜਵਾਨੀ ਦਾ ਹੜ ਨਸ਼ਾ ਮੁਕਤ ਪੰਜਾਬ ਸਿਰਜਣ ਲਈ ‘ਮੁਕਤਸਰ ਮੈਰਾਥਨ’ ਵਿਚ ਦੌੜਿਆ

533

ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 19 ਮਾਰਚ 2018 (ਵਿਕਰਾਂਤ ਗਰਗ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਜ ਇੱਥੇ ਜ਼ਿਲਾ ਓਲਪਿੰਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਈ ‘ਮੁਕਤਸਰ ਮੈਰਾਥਨ’ ਵਿਚ ਜਵਾਨੀ ਦੇ ਹੜ ਨੇ ਹਜਾਰਾਂ ਦੀ ਗਿਣਤੀ ਵਿਚ ਜੋੋਸ਼, ਜਜ਼ਬੇ ਅਤੇ ਉਤਸਾਹ ਨਾਲ ਸ਼ਿਰਕਤ ਕੀਤੀ ਅਤੇ ਜਵਾਨੀ ਦਾ ਇਹ ਜਨੂੰਨ ਭਵਿੱਖ ਦੇ ਖੁਸਹਾਲ ਪੰਜਾਬ ਦੀ ਤਸਵੀਰ ਸਿਰਜ ਰਿਹਾ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਲ ਇੰਡੀਆ ਸੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ: ਰਣਇੰਦਰ ਸਿੰਘ ਨੇ ਵੱਡੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਖੇਡਾਂ ਨੂੰ ਸਿਆਸਤ ਤੋਂ ਉਪਰ ਰੱਖਿਆ ਜਾਂਦਾ ਹੈ। ਉਨਾਂ ਨੇ ਕਿਹਾ ਕਿ ਅੱਜ ਦੀ ਇਹ ਮੈਰਾਥਨ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੀ ਚਿਣਗ ਲਗਾਏਗੀ ਅਤੇ ਇਸ ਨਾਲ ਸੂਬੇ ਵਿਚ ਖੇਡ ਸਭਿਆਚਾਰ ਵਿਕਸਤ ਹੋਵੇਗਾ। ਉਨਾਂ ਨੇ ਗਿੱਦੜਬਾਹਾ ਇਲਾਕੇ ਵਿਚ ਸੂਟਿੰਗ ਰੇਂਜ ਸਥਾਪਿਤ ਕਰਨ ਦਾ ਐਲਾਣ ਕਰਦਿਆਂ ਕਿਹਾ ਕਿ ਜੇਕਰ ਕੋਈ ਪੰਜਾਬੀ ਖਿਡਾਰੀ 100 ਮੀਟਰ ਦੌੜ ਵਿਚ ਵਿਸਵ ਰਿਕਾਰਡ ਦੀ ਬਰਾਬਰੀ ਵੀ ਕਰੇਗਾ ਤਾਂ ਉਸ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਵਾਨੀ ਨੂੰ ਸੂਬੇ ਦਾ ਸ਼ਰਮਾਇਆ ਦੱਸਦਿਆਂ ਉਨਾਂ ਨੇ ਕਿਹਾ ਕਿ ਖੇਡਾਂ ਸਾਡੀ ਜਵਾਨੀ ਨੂੰ ਸੇਧ ਦੇਣ ਵਿਚ ਸਹਾਈ ਸਿੱਧ ਹੋ ਸਕਦੀਆਂ ਹਨ। ਉਨਾਂ ਕਿਹਾ ਕਿ ਖੇਡਾਂ ਮਨੁੱਖੀ ਮਨ ਨੂੰ ਬੁਰੇ ਖਿਆਲਾਂ ਤੋਂ ਮੋੜ ਕੇ ਉਸਦੀ ਊਰਜਾ ਨੂੰ ਉਸਾਰੂ ਕਾਰਜਾਂ ਵਿਚ ਵਰਤਨ ਲਈ ਮਨੁੱਖ ਦੀਆਂ ਪ੍ਰੇਰਣਾਸ਼੍ਰੋਤ ਬਣਦੀਆਂ ਹਨ। 

ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਦੀ ਅਗਵਾਈ ਵਿਚ ਜ਼ਿਲਾ ਓਲਪਿੰਕ ਐਸੋਸੀਏਸ਼ਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਲਈ ਕੀਤੇ ਇਸ ਆਯੋਜਨ ਵਿਚ ਪੁੱਜਣ ਤੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਨੌਜਵਾਨਾਂ ਦੀ ਭਲਾਈ ਲਈ ਦ੍ਰਿੜ ਸਕੰਲਪਿਤ ਹੈ। ਉਨਾਂ ਨੇ ਗਿੱਦੜਬਾਹਾ ਵਿਖੇ ਸਰਕਾਰੀ ਕਾਲਜ ਖੋਲਣ ਦਾ ਐਲਾਣ ਵੀ ਕੀਤਾ। ਉਨਾਂ ਕਿਹਾ ਕਿ ਅੱਜ ਦੀ ਮੈਰਾਥਨ ਨੇ ਸੂਬੇ ਦੀਆਂ ਖੇਡ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨਾਂ ਨੇ ਕਿਹਾ ਕਿ ‘ਮੁਕਤਸਰ ਮੈਰਾਥਨ’ ਦੀ ਮੇਜਬਾਨੀ ਜਿੱਥੇ ਗਿੱਦੜਬਾਹੇ ਲਈ ਮਾਣ ਦੀ ਗੱਲ ਹੈ ਉਥੇ ਹੀ ਇਸ ਦੇ ਸਫਲ ਆਯੋਜਨ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਦੇਸ਼ ਵਿਆਪੀ ਖਿਆਤੀ ਦਿਵਾਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਸੂਬੇ ਵਿਚੋਂ ਨਸ਼ੇ ਦੇ ਨਾਗ ਨੂੰ ਖਤਮ ਕਰਕੇ ਇਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਸਿਰਜਿਆ ਜਾ ਸਕੇ। ਉਨਾਂ ਨੇ ਕਿਹਾ ਕਿ ਜਦ ਸਮਾਜ ਵਿਚੋਂ ਨਸ਼ੇ ਵਰਗੀਆਂ ਮਾੜੀਆਂ ਅਲਾਮਤਾਂ ਖ਼ਤਮ ਹੋ ਜਾਣਗੀਆਂ ਤਾਂ ਸਹਿਜੇ ਹੀ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਹੋਵੇਗਾ। 

ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਜਵਾਨੀ ਵਿਚ ਊਰਜਾ ਅਤੇ ਉਤਸਾਹ ਦੀ ਕੋਈ ਘਾਟ ਨਹੀਂ ਹੈ ਬਸ ਇਸ ਨੂੰ ਸਹੀ ਦਿਸ਼ਾ ਦੇਣ ਦੀ ਜਰੂਰਤ ਹੈ ਅਤੇ ‘ਮੁਕਤਸਰ ਮੈਰਾਥਨ’ ਇਸੇ ਦਿਸ਼ਾ ਵਿਚ ਕੀਤਾ ਗਿਆ ਉਪਰਾਲਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਦਾ ਇਹ ਜੋਸ਼ ਦੱਸਦਾ ਹੈ ਕਿ ਪੰਜਾਬ ਵਿਚੋਂ ਨਸ਼ਾ ਹਾਰੇਗਾ ਅਤੇ ਜਵਾਨੀ ਜਿੱਤੇਗੀ। ਉਨਾਂ ਦੱਸਿਆ ਕਿ ਅੱਜ ਦੀ ਮੈਰਾਥਨ ਵਿਚ ਵਿਦੇਸਾਂ ਤੋਂ ਵੀ ਐਥਲੀਟ ਸ਼ਿਰਕਤ ਕਰਨ ਪੁੱਜੇ ਹਨ। ਇਸ ਮੌਕੇ ਗੁਰਦਾਸ ਮਾਨ, ਅਸ਼ੋਕ ਮਸਤੀ, ਖੁਦਾ ਬਖ਼ਸ, ਅਫਸਾਨਾ ਖਾਨ ਦੀ ਲਾਈਵ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ। ਮੈਰਾਥਨ 21, 10 ਅਤੇ 5 ਕਿਲੋਮੀਟਰ ਤਿੰਨ ਸ੍ਰੇਣੀਆਂ ਵਿਚ ਹੋਈ ਜਿਸ ਵਿਚ 10 ਹਜਾਰ ਤੋਂ ਵਧੇਰੇ ਦੌੜਾਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅੱਖਾਂ ਦੀ ਰੌਸਨੀ ਤੋਂ ਵਾਂਝੇ ਬੱਚਿਆਂ ਲਈ ਵੀ ਵਿਸੇਸ਼ ਦੌੜ ਦਾ ਆਯੋਜਨ ਕੀਤਾ ਗਿਆ ਸੀ। ਦੌੜਾਕਾਂ ਨੇ ਗਿੱਦੜਬਾਹਾ, ਹੁਸਨਰ, ਭਾਰੂ, ਮਧੀਰ ਅਤੇ ਬੁੱਟਰ ਬਖੂਆ ਦੇ ਰਾਸਤੇ ਇਹ ਦੌੜ ਪੂਰੀ ਕੀਤੀ ਅਤੇ ਦਿਹਾਤੀ ਪੰਜਾਬ ਦੇ ਰੰਗ ਵੀ ਵੇਖੇ। ਰਾਸਤੇ ਵਿਚ ਦੌੜਾਕਾਂ ਲਈ ਜਿੱਥੇ ਰਿਫਰੈਸਮੈਂਟ ਅਤੇ ਮੈਡੀਕਲ ਸੁਵਿਧਾ ਮੁਹਈਆ ਸੀ ਉਥੇ ਹੀ ਉਤਰੀ ਰਾਜਾਂ ਦੀ ਸੰਸਕ੍ਰਿਤੀ ਦੇ ਰੰਗ ਵੀ ਵੇਖਣ ਨੂੰ ਮਿਲੇ। ਮੈਰਾਥਨ ਪੂਰੀ ਕਰਨ ਵਾਲੇ ਸਾਰੇ ਹੀ ਦੌੜਾਕਾਂ ਨੂੰ ਮੈਡਲ ਦਿੱਤੇ ਗਏ ਜਦ ਕਿ ਜੇਤੂਆਂ ਨੂੰ ਕੁੱਲ 13 ਲੱਖ ਤੋਂ ਵੱਧ ਦੇ ਨਗਦ ਇਨਾਮ ਵੀ ਦਿੱਤੇ ਗਏ। ਮੈਰਾਥਨ ਵਿਚ 10 ਹਜਾਰ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਜੋ ਕਿ ਪੰਜਾਬੀਆਂ ਦੀ ਖੇਡਾਂ ਪ੍ਰਤੀ ਵਧਦੀ ਰੂਚੀ ਦਾ ਪ੍ਰਗਟਾਵਾ ਸੀ ਅਤੇ ਜਵਾਨੀ ਦੇ ਇਸ ਉਤਸਾਹ ਨੇ ਨਸ਼ਾ ਮੁਕਤ ਪੰਜਾਬ ਦੀ ਝਲਕ ਪੇਸ਼ ਕੀਤੀ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ, ਭਾਈ ਰਾਹੁਲ ਸਿੰਘ ਸਿੱਧੂ, ਸਾਬਕਾ ਮੈਂਬਰ ਪੀਪੀਐਸਸੀ, ਸ੍ਰੀਮਤੀ ਅਮ੍ਰਿਤਾ ਕੌਰ ਵੜਿੰਗ, ਚਰਨਜੀਤ ਕੌਰ ਬਰਾੜ, ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੂਡੀਆ, ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਕਿਸੋਰ ਕੁਮਾਰ, ਸਕੱਤਰ ਖੇਡ ਵਿਭਾਗ ਸ੍ਰੀ ਜੇ ਐਮ. ਬਾਲਾਮੁਰਗਮ, ਕਮਿਸ਼ਨਰ ਸ੍ਰੀ ਸੁਮੇਰ ਸਿੰਘ ਗੁਰਜਰ, ਆਈ.ਜੀ. ਸ: ਮੁਖਵਿੰਦਰ ਸਿੰਘ ਛਿੱਨਾ, ਐਸ.ਐਸ.ਪੀ. ਸ੍ਰੀ ਸੁਸ਼ੀਲ ਕੁਮਾਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ, ਡਿਪਟੀ ਕਮਿਸ਼ਨਰ ਬਠਿੰਡਾ ਦੀਪ੍ਰਭਾ ਲਾਕਰਾ, ਏ.ਡੀ.ਸੀ. ਰਾਜਪਾਲ ਸਿੰਘ, ਐਚ.ਐਸ. ਸਰਾਂ, ਕੁਲਵੰਤ ਸਿੰਘ, ਐਸ.ਡੀ.ਐਮ. ਗਿੱਦੜਬਾਹਾ ਸ: ਨਰਿੰਦਰ ਸਿੰਘ ਧਾਲੀਵਾਲ, ਸ: ਹਰਚਰਨ ਸਿੰਘ ਸੋਥਾ, ਰਣਧੀਰ ਸਿੰਘ ਧੀਰਾ, ਜਗਜੀਤ ਸਿੰਘ ਸਿੱਧੂ, ਨਰਿੰਦਰ ਸਿੰਘ ਕੌਣੀ, ਐਚ.ਡੀ.ਐਫ.ਸੀ. ਬੈਂਕ ਦੇ ਜੋਨਲ ਮੈਨੇਜਰ ਜਤਿੰਦਰ ਗੁਪਤਾ ਆਦਿ ਵੀ ਹਾਜਰ ਸਨ। 

21 ਕਿਲੋਮੀਟਰ ਦੌੜ ਦੇ ਨਤੀਜੇ

ਪੁਰਸ਼ ਵਰਗ 

ਇਕ ਲੱਖ ਦਾ ਪਹਿਲਾਂ ਇਨਾਮ ਗੋਸੋ ਬੋਗਲ ਨੇ 1:04:50 ਸਮੇਂ ਵਿਚ 21 ਕਿਲੋਮੀਟਰ ਦੀ ਦੌੜ ਪੁਰੀ ਕਰਕੇ ਜਿੱਤਿਆ। ਦੂਜਾ ਇਨਾਮ ਸਮੀਰ ਨਾਸਰ ਸ਼ਰੀਫ ਨੇ ਇਹ ਦੌੜ 1:06:40 ਦੇ ਸਮੇਂ ਵਿਚ  ਅਤੇ ਤੀਜਾ ਇਨਾਮ ਜੇਮਜ਼ ਨਡੀ 1:08:40 ਦੇ ਸਮੇਂ ਵਿਚ ਦੌੜ ਪੁਰੀ ਕਰਕੇ ਜਿੱਤਿਆ। 

ਮਹਿਲਾ ਵਰਗ

ਇਕ ਲੱਖ ਦਾ ਪਹਿਲਾਂ ਇਨਾਮ ਜ਼ੀਨਾਸਵਰਕ ਨੇ 1:21:15 ਸਮੇਂ ਵਿਚ 21 ਕਿਲੋਮੀਟਰ ਦੀ ਦੌੜ ਪੁਰੀ ਕਰਕੇ ਜਿੱਤਿਆ। ਦੂਜਾ ਇਨਾਮ ਸੀਮਾ ਨੇ ਇਹ ਦੌੜ 1:21:33 ਦੇ ਸਮੇਂ ਵਿਚ  ਅਤੇ ਤੀਜਾ ਇਨਾਮ ਐਡੀਸ ਕਾਲਟਾ ਨੇ 1:25: ਦੇ ਸਮੇਂ ਵਿਚ ਦੌੜ ਪੁਰੀ ਕਰਕੇ ਜਿੱਤਿਆ। 

ये भी पढ़ें

ਹੁਣ ਸ਼ਹਿਰੀ ਸਕੂਲਾਂ ਦੇ ਬੱਚੇ ਵੀ ਖਾਣ ਲੱਗੇ ਤਾਜ਼ਾ ਭੋਜਨ