ਨੌਜਵਾਨ ਪੀੜੀ ਵੱਡੇ ਸੁਪਨੇ ਵੇਖੇ ਅਤੇ ਸੁਪਨੇ ਸੱਚ ਕਰਨ ਲਈ ਕਰੇ ਸਖ਼ਤ ਮਿਹਨਤ : ਡੀ.ਸੀ.

171

ਸ਼੍ਰੀ ਮੁਕਤਸਰ ਸਾਹਿਬ , 26 ਅਪ੍ਰੈਲ 2018: ਸਾਡੀ ਨੌਜਵਾਨ ਪੀੜੀ ਆਪਣੇ ਮਨਾਂ ਦੇ ਸੁਪਨਿਆਂ ਨੂੰ ਉਡਾਰੀ ਭਰਨ ਦੇਵੇ ਅਤੇ ਫਿਰ ਦ੍ਰਿੜ ਨਿਸ਼ਚੇ ਨਾਲ ਇਨਾਂ ਸੁਪਨਿਆ ਨੂੰ ਸੱਚ ਕਰਨ ਲਈ ਯਤਨ ਕਰੇ ਤਾਂ ਇਸ ਨਾਲ ਨਾ ਕੇਵਲ ਸਾਡੇ ਨੌਜਵਾਨ ਆਪਣੇ ਭਵਿੱਖ ਨੂੰ ਰੌਸਨ ਕਰ ਸਕਣਗੇ ਸਗੋਂ ਇਹ ਸਫ਼ਲ ਨੌਜਵਾਨ ਸਾਡੇ ਮੁਲਕ ਨੂੰ ਇਕ ਵਿਸ਼ਵ ਸਕਤੀ ਵਜੋਂ ਦੁਨੀਆਂ ਦੇ ਮਾਨਚਿੱਤਰ ਦੇ ਸਥਾਪਿਤ ਕਰ ਸਕਣਗੇ।
ਇਹ ਗੱਲ ਅੱਜ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ 12ਵੀਂ ਜਮਾਤ ਵਿਚੋ ਪਾਸ ਹੋਈਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ.ਸੁਮੀਤ ਜਾਰੰਗਲ ਆਈ.ਏ.ਐਸ. ਨੇ ਆਖੀ । ਉਹ ਵਿਸ਼ੇਸ ਤੌਰ ਤੇ ਇਸ ਸਕੂਲ ਦੀਆਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਲਈ ਪੁੱਜੇ ਸਨ।
ਉਨਾਂ ਨੇ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਨਗਦ ਪੁਰਸਕਾਰ ਦੇਣ ਦੀ ਘੌਸਣਾ ਵੀ ਕੀਤੀ। ਉਨਾਂ ਨੇ ਸੂਬੇ ਵਿਚੋਂ ਪਾਸ ਪ੍ਰਤਿਸ਼ਤ ਵਿਚ ਪਹਿਲਾ ਸਥਾਨ ਹਾਸਲ ਕਰਨ ਲਈ ਜ਼ਿਲੇ ਦੇ ਸਮੂਹ ਅਧਿਆਪਕਾ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨਾਲ ਆਪਣੇ ਆਈ.ਏ.ਐਸ ਅਫ਼ਸਰ ਬਣਨ ਦੀ ਕਹਾਣੀ ਸਾਂਝੀ ਕਰਦਿਆਂ ਵਿਦਿਆਰਥਣਾਂ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਮਿੱਥ ਕੇ ਉਸਦੀ ਪ੍ਰਾਪਤੀ ਲਈ ਮਿਹਨਤ ਨਾਲ ਜੁੱਟ ਜਾਣ ਲਈ ਕਿਹਾ। ਉਨਾਂ ਆਖਿਆ ਕਿ ਸਾਡੇ ਨੌਜਵਾਨ ਸਾਡੇ ਮੁਲਕ ਦਾ ਸੁਰਮਾਇਆ ਹੈ ਅਤੇ ਸਾਡੇ ਨੌਜਵਾਨਾਂ ਨੂੰ ਵੀ ਆਪਣੇ ਮੁਲਕ ਦੀ ਤਰੱਕੀ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜਨਸੇਵਾ ਵੀ ਜੀਵਨ ਦਾ ਇਕ ਉਦੇਸ਼ ਹੋਣਾ ਚਾਹੀਦਾ ਹੈ ਅਤੇ ਨੌਜਵਾਨ ਸਿਵਲ ਸੇਵਾਵਾਂ ਅਤੇ ਸਿਆਸਤ ਨੂੰ ਪੇਸ਼ੇ ਵਜੋਂ ਚੁਣ ਕੇ ਜਨਸੇਵਾ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ।
ਇਸ ਤੋਂ ਪਹਿਲਾ ਜ਼ਿਲਾ ਸਿੱਖਿਆ ਅਫ਼ਸਰ ਸ.ਮਲਕੀਤ ਸਿੰਘ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਬਿਹਤਰ ਸਿੱਖਿਆ ਸਹੂਲਤਾਂ ਉਪਲਬੱਧ ਹਨ। ਉਨਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਵੀ ਹੁਣ ਕੇਂਦਰੀ ਸਿੱਖਿਆਂ ਬੋਰਡ ਅਨੁਸਾਰ ਹੀ ਹੈ। ਪ੍ਰਿਸੀਪਾਲ ਸ੍ਰੀਮਤੀ ਨਿਲਮ ਬਾਲਾ ਨੇ ਦਸਿੱਆ ਕਿ ਸਕੂਲ ਦੀ ਬਾਰਵੀਂ ਜਮਾਤ ਦਾ ਕਮਰਸ ਅਤੇ ਆਰਟਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ ਜਦ ਕਿ ਸਾਇੰਸ ਦਾ ਨਤੀਜਾ 95 ਫ਼ੀਸਦੀ ਤੋਂ ਵੱਧ ਰਿਹਾ ਹੈ।  ਜਿਸ ਵਿਚ ਕ੍ਰਮਵਾਰ ਵਿਦਿਆਥਣਾ ਈਸ਼ਾ ਰਾਣੀ (ਕਮਰਸ) , ਬਲਜਿੰਦਰ ਕੌਰ (ਆਰਟਸ) ਅਤੇ ਇਸ਼ਕਾ ਨੇ (ਸਾਇੰਸ) ਵਿਸ਼ਿਆ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸ੍ਰੀ ਅਮਰਗੁਰਪ੍ਰਤਾਪ ਸਿੰਘ ਰਾਣਾ ਬੇਦੀ, ਸ੍ਰੀ ਸ਼ਮਿੰਦਰ ਬੱਤਰਾ ਅਤੇ ਸਕੂਲ ਸਟਾਫ਼ ਹਾਜ਼ਰ ਸੀ।