ਸੋਨੀ ਵੱਲੋਂ ਮਨੁੱਖਤਾ ਦੀ ਸੇਵਾ ਵਿਚ ਲੱਗੀਆਂ ਜਥੇਬੰਦੀਆਂ ਦਾ ਧੰਨਵਾਦ

182

humanity

 

ਅੰਮ੍ਰਿਤਸਰ, 19 ਅਪ੍ਰੈਲ 2020 – ਕੋਵਿਡ 19 ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਮਾਨਵਤਾ ਦੇ ਭਲੇ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਇਹ ਸੰਸਥਾਵਾਂ ਲੋੜਵੰਦਾਂ ਤੱਕ ਸੁੱਕਾ ਰਾਸ਼ਨ, ਦਵਾਈਆਂ, ਲੰਗਰ ਆਦਿ ਮੁਹੱਇਆ ਕਰਵਾਉਣ ਦੇ ਨਾਲ-ਨਾਲ ਇਹ ਸੰਸਥਾਵਾਂ ਡਾਕਟਰਾਂ, ਪੈਰਾ ਮੈਡਕੀਲ ਸਟਾਫ ਅਤੇ ਪੁਲਿਸ ਕਰਮੀਆਂ, ਜੋ ਕਿ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਨ ਨੂੰ ਮਾਸਕ, ਪੀ ਪੀ ਈ ਕਿੱਟਾਂ ਤੇ ਹੋਰ ਸਾਜ਼ੋ ਸਮਾਨ ਵੀ ਦੇ ਰਹੇ ਹਨ।

ਉਨਾਂ ਕਿਹਾ ਕਿ ਇਸ ਨਾਲ ਉਨਾਂ ਮੁਲਾਜ਼ਮਾਂ ਦੇ ਨਾਲ-ਨਾਲ ਸਾਡਾ ਹੌਸਲਾ ਵੀ ਵਧਿਆ ਹੈ ਕਿ ਸੰਕਟ ਨੂੰ ਨਿਜੱਠਣ ਵਿਚ ਸਾਨੂੰ ਵੱਡੀ ਮਦਦ ਵੀ ਮਿਲੀ ਹੈ। ਉਨਾਂ ਦੱਸਿਆ ਕਿ ਸਰਬਤ ਦਾ ਭਲਾ ਸੰਸਥਾ ਵੱਲੋਂ ਡਾ. ਐਸ ਪੀ ਸਿੰਘ ਓਬਰਾਏ ਨੇ ਅੰਮ੍ਰਿਤਸਰ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ, ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਪੀ.ਜੀ.ਆਈ. ਨੂੰ ਇੱਕ-ਇੱਕ ਹਜ਼ਾਰ ਪੀ.ਪੀ.ਈ. ਕਿੱਟਾਂ ਤੇ ਐੱਨ-95 ਮਾਸਕ ਅਤੇ ਹਜ਼ਾਰਾਂ ਦੀ ਗਿਣਤੀ ‘ਚ ਤਿੰਨ ਪਰਤੀ ਮਾਸਕ ਦੇਣ ਦੇ ਨਾਲ-ਨਾਲ ਪੰਜਾਬ ਦੇ ਹਰ ਜ਼ਿਲੇ ਦੇ ਪ੍ਰਸ਼ਾਸ਼ਨ ਨੂੰ ਵੀ ਹਸਪਤਾਲਾਂ ਲਈ ਲੋੜੀਂਦਾ ਸਾਮਾਨ ਵੀ ਲਗਾਤਾਰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਹਸਪਤਾਲਾਂ ਨੂੰ ਇਨਾਂ ਵੱਲੋਂ ਵੈਂਟੀਲੇਟਰ ਦਿੱਤੇ ਜਾ ਚੁੱਕੇ ਹਨ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਹੋਰ ਸੰਸਥਾਵਾਂ ਵੀ ਵੱਡੇ ਪੱਧਰ ਉਤੇ ਮਨੁੱਖਤਾ ਦੀ ਭਲਾਈ ਲਈ ਡਟੀਆਂ ਹਨ, ਜੋ ਕਿ ਵਿਸ਼ਵ ਭਰ ਲਈ ਮਾਰਗ ਦਰਸ਼ਕ ਦਾ ਕੰਮ ਕਰ ਰਹੀਆਂ ਹਨ।