ਸੜਕ ਦੁਰਘਟਨਾਵਾਂ ਤੋਂ ਬਚਾਉਣ ਲਈ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

189

traffic rules

 

ਸ੍ਰੀ ਮੁਕਤਸਰ ਸਾਹਿਬ, 8 ਫਰਵਰੀ 2019 (ਰਾਜਾ ਵਾਟਸ, ਮੋਨੂੰ ਛਾਬੜਾ) – ਪੰਜਾਬ ਸਰਕਾਰ ਦੁਆਰਾ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਲੋਕਾਂ ਨੂੰ ਸੜਕ ਦੁਰਘਟਨਾਵਾਂ ਤੋਂ ਬਚਾਉਣ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲਾ ਮੁਖੀ ਪਲਿਸ ਮੁਖੀ ਸ: ਮਨਜੀਤ ਸਿੰਘ ਢੇਸੀ ਦੇ ਦਿਸਾ ਨਿਰਦੇਸਾਂ ਅਨੁਸਾਰ ਜ਼ਿਲਾ ਪੁਲਿਸ ਵੱਲੋਂ ਆਈ.ਟੀ.ਆਈ ਅਬੁਲ ਖੁਰਾਣਾ ਵਿਖੇ ਸੈਮੀਨਾਰ ਲਗਾਇਆ ਗਿਆ। ਜਿੱਥੇ ਨਸ਼ਾ ਵਿਰੋਧੀ ਚੇਤਨਾ ਯੂਨਿਟ ਦੇ ਇੰਚਾਰਜ ਏਐੱਸਆਈ ਗੁਰਾਂਦਿੱਤਾ ਸਿੰਘ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਨਸ਼ੇ ਮੌਤ ਦਾ ਕਾਰਨ ਬਣ ਰਹੇ ਹਨ। ਇਸ ਤੋਂ ਬਾਅਦ ਉਨਾਂ ਨੇ ਨਸ਼ਿਆਂ ਤੋਂ ਬਚਣ ਦੇ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ। ਏਐੱਸਆਈ ਕਾਸਮ ਅਲੀ ਨੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜ਼ਿਲਾ ਪੁਲੀਸ ਵੱਲੋਂ ਸੜਕ ਸੁਰੱਖਿਆ ਸਪਤਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਆਪਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰ ਕਰੀਏ ਤਾਂ ਜੋ ਆਪਾਂ ਆਪ ਅਤੇ ਆਪਣੇ ਪਰਿਵਾਰ ਦੀਆਂ ਜਿੰੰਦਗੀਆਂ ਨੂੰ ਬਚਾ ਸਕੀਏ। ਉਨਾਂ ਕਿਹਾ ਕਿ ਵਹੀਕਲ ਚਲਾਉਂਦੇ ਦੌਰਾਨ ਮੋਬਾਈਲ ਤੇ ਗੱਲ ਨਹੀਂ ਕਰਨੀ ਚਾਹੀਦੀ ਜਿਸ ਕਰਕੇ ਆਪਣਾ ਧਿਆਨ ਸੜਕ ਤੋਂ ਭਟਕ ਜਾਂਦਾ ਹੈ ਅਤੇ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ। ਹੌਲਦਾਰ ਨੈਬ ਸਿੰਘ ਨੂਰੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਗੀਤ ਗਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸਾਰੇ ਵਿਦਿਆਰਥੀਆਂ ਅਤੇ ਸਟਾਫ ਨੇ ਪ੍ਰਣ ਕੀਤਾ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਹਮੇਸ਼ਾ ਪਾਲਣਾ ਕਰਾਂਗੇ ।