ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਜਾਇਦਾਦਾਂ ਦੀ ਆਨਲਾਈਨ ਰਜਿਸਟਰੀ ਸ਼ੁਰੂ

163

ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ 2018: ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਜਮੀਨ ਜਾਇਦਾਦ ਦੀ ਈ ਰਜਿਸਟਰੀ ਹੋਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਦਿੱਤੀ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿਚ ਜਮੀਨ ਦੀ ਖਰੀਦ ਵੇਚ ਸਮੇਂ ਹੋਣ ਵਾਲੀ ਰਜਿਸਟਰੀ ਹੁਣ ਆਨਲਾਈਨ ਹੋਣ ਲੱਗੀ ਹੈ। 
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਜਮੀਨ ਦੀ ਖਰੀਦ ਫਰੋਖਤ ਦੀ ਪ੍ਰਕ੍ਰਿਆ ਸਰਲ ਹੋਵੇਗੀ ਅਤੇ ਇਸ ਪ੍ਰਕ੍ਰਿਆ ਵਿਚ ਪਾਰਦਰਸਤਾ ਵਧੇਗੀ। ਉਨਾਂ ਕਿਹਾ ਕਿ ਜਮੀਨਾਂ ਦੀ ਖਰੀਦ ਫਰੋਖਤ ਸਮੇਂ ਹੋਣ ਵਾਲੇ ਫਰਾਡ ਵੀ ਇਸ ਨਾਲ ਬੰਦ ਹੋ ਜਾਣਗੇ। 
ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਰਾਜਪਾਲ ਸਿੰਘ ਨੇ ਆਪਣੀ ਹਾਜਰੀ ਵਿਚ ਇਸ ਪ੍ਰਕ੍ਰਿਆ ਦੀ ਸ਼ੁਰੂਆਤ ਕਰਵਾਈ ਅਤੇ ਨਾਇਬ ਤਹਿਸੀਲਦਾਰ ਸ: ਚਰਨਜੀਤ ਸਿੰਘ ਨੇ ਨਵੀਂ ਵਿਧੀ ਨਾਲ ਪਹਿਲੀ ਰਜਿਸਟਰੀ ਦਰਜ ਕੀਤੀ। ਵਧੀਕ ਡਪਟੀ ਕਮਿਸ਼ਨਰ ਨੇ ਕਿਹਾ ਕਿ ਜਮੀਨ ਜਾਇਦਾਦ ਦੀ ਖਰੀਦ ਵੇਚ ਦੀ ਪ੍ਰਕ੍ਰਿਆ ਪੁਰੀ ਤਰਾਂ ਸਰਲ ਅਤੇ ਪਾਰਦਰਸ਼ੀ ਹੋਣ ਨਾਲ ਕ੍ਰੇਤਾ ਅਤੇ ਵਿਕ੍ਰੇਤਾ ਦੋਹਾਂ ਨੂੰ ਇਸ ਨਾਲ ਸਹੁਲਤ ਹੋਵੇਗੀ। ਉਨਾਂ ਨੇ ਦੱਸਿਆ ਕਿ ਇਸ ਪ੍ਰਕ੍ਰਿਆ ਦੇ ਲਾਗੂ ਹੋਣ ਨਾਲ ਸੌਦੇ ਵਾਲੀ ਜਮੀਨ ਦੇ ਵੇਰਵੇ ਆਨਲਾਈਨ ਦਰਜ ਕਰਨ ਦੇ ਨਾਲ ਸਾਫਟਵੇਅਰ ਆਪਣੇ ਆਪ ਬਣਦੀ ਫੀਸ ਨਿਰਧਾਰਤ ਕਰੇਗਾ ਅਤੇ ਈ.ਸਟੈਂਪ ਨਾਲ ਇਹ ਫੀਸ ਅਦਾ ਕੀਤੀ ਜਾ ਸਕੇਗੀ। ਇਸ ਪ੍ਰਕ੍ਰਿਆ ਲਈ ਵਿਕੇ੍ਰਤਾ ਅਤੇ ਕੇ੍ਰਤਾ ਦੋਹਾਂ ਦਾ ਅਧਾਰ ਨੰਬਰ ਵੀ ਸੌਦੇ ਸਮੇਂ ਦਰਜ ਹੋਵੇਗਾ। ਇਸ ਨਾਲ ਕਿਸੇ ਵੀ ਕਿਸਮ ਦੀ ਗਲਤ ਰਜਿਸਟਰੀ ਹੋਣ ਦੀ ਸੰਭਾਵਨਾ ਉਕਾ ਹੀ ਖਤਮ ਹੋ ਜਾਵੇਗੀ। ਇਸੇ ਤਰਾਂ ਵੇਚਣ ਅਤੇ ਖਰੀਦਣ ਵਾਲੇ ਦਾ ਮੋਬਾਇਲ ਨੰਬਰ ਵੀ ਦਰਜ ਕੀਤਾ ਜਾਵੇਗਾ। 
ਇਸ ਨਵੀਂ ਪ੍ਰਕ੍ਰਿਆ ਤਹਿਤ ਵਸੀਕਾ ਨਵੀਸ ਖਰੀਦਦਾਰ ਅਤੇ ਵੇਚਣ ਵਾਲੇ ਦੇ ਸਾਰੇ ਵੇਰਵੇ ਸਾਫਟਵੇਅਰ ਵਿਚ ਦਰਜ ਕਰ ਦੇਵੇਗਾ ਅਤੇ ਇਸ ਤੋਂ ਬਾਅਦ ਉਹ ਇਹ ਵੇਰਵੇ ਸਬੰਧਤ ਰਜਿਸਟਰਾਰ ਦੇ ਦਫ਼ਤਰ ਨੂੰ ਫਾਰਵਰਡ ਕਰ ਦੇਵੇਗਾ। ਇਸ ਮੌਕੇ ਸਾਫਟਵੇਅਰ ਰਜਿਸਟਰਾਰ ਕੋਲ ਉਪਲਬੱਧ ਸਮੇਂ ਦੀ ਜਾਣਕਾਰੀ ਮੁਹਈਆ ਕਰਵਾਏਗਾ ਅਤੇ ਉਪਲਬੱਧ ਸਲਾਟ ਵਿਚੋਂ ਖਰੀਦਦਾਰ ਅਤੇ ਵਿਕ੍ਰੇਤਾ ਆਪਣੀ ਸਹੁਲਤ ਅਨੁਸਾਰ ਸਮਾਂ ਚੁਣ ਸਕਣਗੇ ਅਤੇ ਫਿਰ ਦਿੱਤੇ ਗਏ ਸਮੇਂ ਤੇ ਉਹ ਸਬੰਧਤ ਤਹਿਸੀਲ ਦਫ਼ਤਰ ਵਿਚ ਜਾ ਕੇ ਆਪਣੀ ਜਮੀਨ ਜਾਇਦਾਦ ਦੀ ਰਜਿਸਟਰੀ ਕਰਵਾ ਸਕਣਗੇ।