Posted on

ਫੇਸਬੁੱਕ ਤੇ ਕੁੜੀ ਦੀ ਜਾਅਲੀ ਆਈ ਡੀ ਬਣਾ ਲਿਖੇ ਆਪੱਤੀਜਨਕ ਸ਼ਬਦ

raja

 

ਜਲਾਲਾਬਾਦ, 14 ਦਸੰਬਰ 2019 – ਇਨੀਂ ਦਿਨੀਂ ਔਰਤਾਂ ਦੇ ਪ੍ਰਤੀ ਮਾੜੀ ਮਾਨਸਿਕਤਾ ਦੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਰਹੇ ਹਨ। ਤਾਜ਼ਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਲਾਲਾਬਾਦ ਤੋਂ ਜਿੱਥੇ ਇਕ ਮਨਚਲੇ ਵੱਲੋਂ ਇੱਕ ਲੜਕੀ ਨੂੰ ਬਦਨਾਮ ਕਰਨ ਦੀ ਨੀਅਤ ਦੇ ਨਾਲ ਉਸ ਦੀ ਫੋਟੋ ਲਗਾ ਫੇਸਬੁੱਕ ਤੇ ਜਾਅਲੀ ਆਈ ਡੀ ਬਣਾਈ ਗਈ। ਆਪੱਤੀਜਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਨਾਲ ਹੀ ਉਸ ਲੜਕੀ ਦਾ ਫੋਨ ਨੰਬਰ ਵੀ ਅਪਲੋਡ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਲੜਕੀ ਦੇ ਫੋਨ ਤੇ ਗਲਤ ਇਰਾਦਾ ਰੱਖਣ ਵਾਲੇ ਲੋਕਾਂ ਦੇ ਫੋਨ ਆਉਣ ਲੱਗੇ। ਸਥਿਤੀ ਉਦੋਂ ਹੈਰਾਨੀਜਨਕ ਬਣ ਗਈ ਜਦੋਂ ਇਸ ਲੜਕੀ ਨੂੰ ਪਤਾ ਚੱਲਿਆ ਕਿ ਉਸ ਦੀ ਫੋਟੋ ਅਤੇ ਫੋਨ ਨੰਬਰ ਤੇ ਇਕ ਫੇਕ ਫੇਸਬੁੱਕ ਆਈਡੀ ਬਨ ਗਈ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਆਰੋਪੀ ਲੜਕਾ ਕਰਮਜੀਤ ਸਿੰਘ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਬੱਗੇ ਕੇ ਹਿਠਾੜ ਦਾ ਰਹਿਣ ਵਾਲਾ ਹੈ ਜੋ ਕਿ ਜਲਾਲਾਬਾਦ ਦੇ ਵਿੱਚ ਇੱਕ ਕਾਸਮੈਟਿਕਸ / ਲਹਿੰਗਾ ਹਾਊਸ ਦੀ ਦੁਕਾਨ ਤੇ ਕੰਮ ਕਰਦਾ ਹੈ। ਜਿੱਥੇ ਕਿ ਜ਼ਿਆਦਾਤਰ ਔਰਤਾਂ ਅਕਸਰ ਹੀ ਆਪਣੀ ਖਰੀਦੋ ਫਰੋਖਤ ਕਰਨ ਦੇ ਲਈ ਜਾਂਦੀਆਂ ਹਨ ਅਤੇ ਆਮ ਤੌਰ ਤੇ ਦੁਕਾਨਦਾਰ ਨੂੰ ਆਪਣਾ ਫੋਨ ਨੰਬਰ ਆਦਿ ਨੋਟ ਕਰਵਾ ਦਿੰਦੀਆਂ ਹਨ ਤਾਂ ਜੋ ਫੈਸ਼ਨ ਦੇ ਵਿੱਚ ਜਦੋਂ ਵੀ ਕੋਈ ਨਵੀਂ ਚੀਜ਼ ਆਵੇ ਤਾਂ ਉਨ੍ਹਾਂ ਦੇ ਕੋਲ ਉਸ ਦੀ ਜਾਣਕਾਰੀ ਪਹੁੰਚ ਸਕੇ।

ਪਰ ਇਸ ਚੀਜ਼ ਦਾ ਗਲਤ ਫਾਇਦਾ ਚੁੱਕਦੇ ਹੋਏ ਆਰੋਪੀ ਕਰਮਜੀਤ ਦੇ ਵੱਲੋਂ ਉਕਤ ਲੜਕੀ ਦੀ ਫੋਟੋ ਦੇ ਨਾਲ ਫੇਸਬੁੱਕ ਤੇ ਇੱਕ ਫੇਕ ਆਈ ਡੀ ਬਣਾ ਦਿੱਤੀ ਗਈ। ਇੰਨਾ ਹੀ ਨਹੀਂ ਨਾਲ ਇਸ ਲੜਕੀ ਦੇ ਕਰੈਕਟਰ ਨੂੰ ਲੈ ਕੇ ਵੀ ਆਪੱਤੀਜਨਕ ਸ਼ਬਦ ਲਿਖ ਦਿੱਤੇ ਗਏ ਜਿਸ ਤੋਂ ਬਾਅਦ ਲੜਕੀ ਤੇ ਉਸ ਦੇ ਪਿਤਾ ਵੱਲੋਂ ਐਸਐਸਪੀ ਫਾਜ਼ਿਲਕਾ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ।

ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਜਲਾਲਾਬਾਦ ਦੇ ਐਸਐਚਓ ਨੇ ਆਈਟੀ ਸੈੱਲ ਦੀ ਸਹਾਇਤਾ ਦੇ ਨਾਲ ਫੇਸਬੁੱਕ ਤੋਂ ਉਕਤ ਫੇਕ ਫੇਸਬੁੱਕ ਆਈ ਡੀ ਬਾਬਤ ਜਾਣਕਾਰੀ ਹਾਸਲ ਕੀਤੀ ਜਿਸ ਤੇ ਪਤਾ ਚੱਲਿਆ ਕਿ ਬੱਘੇ ਕੇ ਹਿਠਾੜ ਦਾ ਕਰਮਜੀਤ ਨਾਮਕ ਸ਼ਖਸ ਜਿਸ ਦੇ ਵੱਲੋਂ ਇਹ ਆਈ ਡੀ ਬਣਾਈ ਗਈ ਹੈ। ਪੁਲਸ ਦੇ ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਹੋਇਆਂ IPC ਦੀ ਧਾਰਾ 420 ਅਤੇ IT ਐਕਟ 2000 ਦੀ ਧਾਰਾ 66(D) ਦੇ ਤਹਿਤ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ SHO ਲੇਖ ਰਾਜ ਬਟੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ ਅਕਸਰ ਹੀ ਪੁਲਿਸ ਦੇ ਧਿਆਨ ਦੇ ਵਿੱਚ ਸਮਾਜ ਵਿਚ ਬਦਨਾਮੀ ਦੇ ਚੱਲਦਿਆਂ ਲੋਕ ਨਹੀਂ ਲੈ ਕੇ ਆਉਂਦੇ ਜਿਸ ਦੇ ਚੱਲਦਿਆਂ ਗਲਤ ਅਨਸਰਾਂ ਨੂੰ ਸ਼ਹਿ ਮਿਲਦੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਕਿਸੇ ਤਰ੍ਹਾਂ ਦਾ ਵੀ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦਾ ਹੈ ਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਓ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇਗੀ।

ਉਧਰ ਦੂਜੇ ਪਾਸੇ ਆਰੋਪੀ ਕਰਮਜੀਤ ਨੇ ਵੀ ਮੀਡੀਆ ਦੇ ਸਾਹਮਣੇ ਆਪਣਾ ਗੁਨਾਹ ਕਬੂਲਿਆ ਪਰ ਨਾਲ ਹੀ ਉਸ ਨੇ ਹੈਰਾਨੀਜਨਕ ਗੱਲਾਂ ਕਹੀਆਂ ਆਰੋਪੀ ਦੇ ਮੁਤਾਬਕ ਉਕਤ ਲੜਕੀ ਦੇ ਨਾਲ ਉਸ ਦਾ ਸੱਤ ਸਾਲ ਤੋਂ ਅਫੇਅਰ ਚੱਲ ਰਿਹਾ ਸੀ ਅਤੇ ਇੱਕ ਸਾਲ ਪਹਿਲਾਂ ਲੜਕੀ ਦੀ ਮੰਗਣੀ ਹੋ ਗਈ ਸੀ ਜਿਸ ਨੂੰ ਤੁਡਵਾਉਣ ਦੇ ਲਈ ਲੜਕੀ ਨੇ ਹੀ ਉਸ ਨੂੰ ਫੇਸਬੁੱਕ ਤੇ ਫੇਕ ਆਈ ਡੀ ਬਣਾਉਣ ਲਈ ਕਿਹਾ ਸੀ !

ਫਿਲਹਾਲ ਇਸ ਮਾਮਲੇ ਦੀ ਸੱਚਾਈ ਕੀ ਹੈ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਚੱਲੇਗਾ ਪਰ ਇਸ ਮਾਮਲੇ ਤੋਂ ਇੱਕ ਸਬਕ ਲੈਣ ਦੀ ਜ਼ਰੂਰਤ ਹੈ ਕੀ ਲੜਕੀਆਂ ਨੂੰ ਬਿਨਾਂ ਸੋਚੇ ਸਮਝੇ ਆਪਣਾ ਫੋਨ ਨੰਬਰ ਜਾਂ ਆਪਣੀ ਨਿੱਜੀ ਜਾਣਕਾਰੀ ਕਿਸੇ ਵੀ ਦੁਕਾਨਦਾਰ ਕੋਲ ਜ਼ਾਹਿਰ ਨਹੀਂ ਕਰਨੀ ਚਾਹੀਦੀ।