ਕਰਫਿਊ ਦੌਰਾਨ ਵੀ ਅਵਾਰਾ ਪਸ਼ੂਆਂ ਤੇ ਪੰਛੀਆਂ ਦੀ ਸੰਭਾਲ ਕਰ ਰਹੀਆਂ ਹਨ ਗੈਰ ਸਰਕਾਰੀ ਜਥੇਬੰਦੀਆਂ

213

NGO

 

ਅੰਮ੍ਰਿਤਸਰ, 10 ਅਪ੍ਰੈਲ 2020 – ਗੁਰੂ ਨਗਰੀ ਅੰਮ੍ਰਿਤਸਰ ਵਿਚ ਜਿੱਥੇ ਕਰਫਿਊ ਦੇ ਦਿਨਾਂ ਦੌਰਾਨ ਵੀ ਲੋੜਵੰਦ ਲੋਕਾਂ ਤੱਕ ਲੰਗਰ ਤੇ ਸੁੱਕਾ ਰਾਸ਼ਨ ਪਹੁੰਚਾਉਣ ਲਈ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚ ਕਰ ਰਹੇ ਹਨ, ਉਥੇ ਸ਼ਹਿਰ ਦੀਆਂ ਸੜਕਾਂ ਉਤੇ ਫਿਰਦੇ ਅਵਾਰਾ ਕੁੱਤਿਆਂ, ਗਾਵਾਂ ਅਤੇ ਸ਼ਹਿਰ ਦੇ ਕਈ ਚੌਕਾਂ ਵਿਚ ਵੱਡੀ ਗਿਣਤੀ ਵਿਚ ਬੈਠਦੇ ਕਬੂਤਰਾਂ ਤੇ ਹੋਰ ਪੰਛੀਆਂ ਦੀ ਸਾਂਭ-ਸੰਭਾਲ ਲਈ ਵੀ ਕਈ ਸੰਸਥਾਵਾਂ ਅੱਗੇ ਆਈਆਂ ਹਨ, ਜਿੰਨਾ ਨੇ ਪਸ਼ੂ ਪਾਲਣ ਵਿਭਾਗ ਤੋਂ ਬਕਾਇਦਾ ਕਰਫਿਊ ਪਾਸ ਬਣਾ ਕੇ ਇੰਨਾਂ ਬੇਜ਼ੁਬਾਨੇ ਜਾਨਵਰਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲਹੋਤਰਾ ਨੇ ਦੱਸਿਆ ਕਿ ਸਾਡੇ ਕੋਲੋਂ 7 ਤੋਂ ਵੱਧ ਗੈਰ ਸਰਕਾਰੀ ਸੰਸਥਾਵਾਂ ਦੇ ਨੰਮਾਇਦੇ ਇੰਨਾਂ ਜਾਨਵਰਾਂ ਦੀ ਸਾਂਭ-ਸੰਭਾਲ ਲਈ ਪਹੁੰਚੇ ਸਨ ਅਤੇ ਅਸੀਂ ਉਨਾਂ ਨੂੰ ਇਸ ਕੰਮ ਲਈ ਬਕਾਇਦਾ ਕਰਫਿਊ ਪਾਸ ਜਾਰੀ ਕੀਤੇ ਹਨ, ਤਾਂ ਜੋ ਉਨਾਂ ਨੂੰ ਇਸ ਕੰਮ ਵਿਚ ਕੋਈ ਮੁਸ਼ਿਕਲ ਨਾ ਆਵੇ।

 

NGO

 

ਡਾ. ਮਲਹੋਤਰਾ ਨੇ ਦੱਸਿਆ ਕਿ ਜਾਨਵਰਾਂ ਦੀ ਸਾਂਭ-ਸੰਭਾਲ ਲਈ ਪਹੁੰਚ ਕਰਨ ਵਾਲੀਆਂ ਸੰਸਥਾਵਾਂ ਵਿਚ ਸ਼ਾਮਿਲ ਹਨ ਐਸ.ਪੀ.ਸੀ.ਏ. ਹਾਥੀ ਗੇਟ, ਐਨੀਮਲ ਵੇਲਫੇਅਰ ਟਰੱਸਟ, ਵਾਇਸ ਆਫ ਅੰਮ੍ਰਿਤਸਰ, ਐਨੀਮਲ ਹਿਊਮੈਨ, ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ, ਗੁਪਤਾ ਪੰਜਾਬੀ ਜੁੱਤੀ ਵਾਲੇ ਅਤੇ ਗਊਸ਼ਾਲਾ ਆਫ ਅੰਮ੍ਰਿਤਸਰ। ਸ੍ਰੀ ਮਲੋਹਤਰਾ ਨੇ ਦੱਸਿਆ ਕਿ ਇੰਨਾਂ ਵਿਚੋਂ ਬਹੁਤੇ ਲੋਕ ਜਾਨਵਰਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਦੇ ਹਨ ਅਤੇ ਕੁੱਝ ਬਿਮਾਰ ਤੇ ਜ਼ਖਮੀ ਜਾਨਵਰਾਂ ਦੀ ਸੇਵਾ ਕਰਨ ਵਿਚ ਵੀ ਲੱਗੇ ਹੋਏ ਹਨ। ਉਨਾਂ ਦੱਸਿਆ ਕਿ ਅਕਸਰ ਇਹ ਸਾਡੇ ਹਸਪਤਾਲਾਂ ਵਿਚ ਅਜਿਹੇ ਜਾਨਵਰ ਤੇ ਪੰਛੀ ਲੈ ਕੇ ਪੁੱਜਦੇ ਹਨ, ਜਿੱਤੇ ਸਾਡੀ ਡਾਕਟਰ ਸਾਹਿਬਾਨ ਇੰਨਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਗਊਸ਼ਾਲਾ ਦੀਆਂ ਗਾਵਾਂ ਨੂੰ ਤੂੜੀ ਅਤੇ ਹਰਾ ਚਾਰਾ ਦੇਣ ਲਈ ਆ ਰਹੇ ਹਨ, ਜਿੰਨਾ ਨੂੰ ਸਰਕਾਰ ਵੱਲੋਂ ਆਗਿਆ ਦਿੱਤੀ ਹੋਈ ਹੈ। ਇਸੇ ਦੌਰਾਨ ਇਨਵਾਇਰੋ ਵਰਲਡ ਆਰਗਾਇਨਜੇਸ਼ਨ ਦੇ ਪ੍ਰਧਾਨ ਡਾ. ਆਂਚਲ ਅਰੋੜਾ ਨੇ ਵੀ ਦੱਸਿਆ ਕਿ ਉਹ ਨਾ ਕੇਵਲ ਲੋੜਵੰਦ ਲੋਕਾਂ ਤੱਕ ਪੁਹੰਚ ਕਰ ਰਹੇ ਹਨ, ਬਲਕਿ ਗਲੀਆਂ-ਮੁਹੱਲਿਆਂ ਵਿਚ ਘੁੰਮਦੇ ਅਵਾਰਾ ਜਾਨਵਰਾਂ ਲਈ ਵੀ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।