ਪਿੰਡਾਂ ਨੂੰ ਬਚਾਉਣ ਲਈ ਪਾਣੀ ਦੇ ਸਮੁੱਚੇ ਪ੍ਰਬੰਧਨ ਦੀ ਲੋੜ- ਪ੍ਰਿਆਂਕ ਭਾਰਤੀ

110

Prakash Bharti

 

ਅੰਮ੍ਰਿਤਸਰ, 3 ਸਤੰਬਰ 2019 — ਭਾਰਤ ਸਰਕਾਰ ਵੱਲੋਂ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਉਪਰ ਚੁੱਕਣ ਲਈ ਦੇਸ਼ ਭਰ ਵਿਚ ਜਲ ਸ਼ਕਤੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਕੇਂਦਰੀ ਟੀਮਾਂ ਵੱਲੋਂ ਹਰੇਕ ਜ਼ਿਲ੍ਹੇ ਦਾ ਦੌਰਾ ਕਰਕੇ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਜੇ ਇਹ ਕੰਮ ਮੁੱਢਲੇ ਗੇੜ ਵਿਚ ਹੈ, ਪਰ ਛੇਤੀ ਹੀ ਸਰਕਾਰ ਇਸ ਉਤੇ ਵਿਆਪਕ ਯੋਜਨਾਬੰਦੀ ਉਲੀਕਣ ਜਾ ਰਹੀ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਸ੍ਰੀ ਪ੍ਰਿਆਂਕ ਭਾਰਤੀ ਸੰਯੁਕਤ ਸਕੱਤਰ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਜਿੰਨਾ ਨੂੰ ਜਲ ਸ਼ਕਤੀ ਟੀਮ ਅੰਮਿ੍ਰਤਸਰ ਦਾ ਇੰਚਾਰਜ ਲਗਾਇਆ ਗਿਆ ਹੈ, ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੀਤਾ।

ਮੀਟਿੰਗ ਵਿੱਚ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀਮਤੀ ਅਨਮਜੋਤ ਕੌਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਡਾ: ਸੰਧਿਆ ਭੁੱਲਰ ਡਾਇਰੈਕਟਰ ਸਿਹਤ ਭਾਰਤ ਸਰਕਾਰ, ਡਾ: ਆਰ:ਚਿਤਰਾ ਵਿਗਿਆਨੀ, ਸ੍ਰ ਪਰਵਿੰਦਰ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਜਸਬੀਰ ਸਿੰਘ ਵਣ ਰੇਂਜ ਅਫਸਰ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਪ੍ਰਿਆਂਕ ਭਾਰਤੀ ਵੱਲੋਂ ਪਾਣੀ ਦੇ ਹੇਠਾਂ ਡਿੱਗ ਰਹੇ ਪੱਧਰ ਨੂੰ ਕਾਬੂ ਕਰਨ ਲਈ ਕੀਤੇ ਗਏ ਪ੍ਰਾਜੈਕਟਾਂ ਦੀ ਜਾਣਕਾਰੀ ਵੀ ਹਾਸਲ ਕੀਤੀ ਗਈ। ਉਨਾਂ ਦੱਸਿਆ ਕਿ ਦੇਸ਼ ਵਿਚ ਪਾਣੀ ਬਚਾਉਣ ਜਾਂ ਪਾਣੀ ਸੰਜਮ ਨਾਲ ਵਰਤਣ ਲਈ ਜ਼ਰੂਰੀ ਕਰਨ ਵਾਸਤੇ ਸਮੁੱਚੇ ਪ੍ਰਬੰਧ ਵਿਚ ਸੁਧਾਰ ਦੀ ਲੋੜ ਹੈ। ਉਨਾਂ ਕਿਹਾ ਕਿ ਸਰਕਾਰ ਇਸ ਵਿਸ਼ੇ ਉਤੇ ਬੇਹੱਦ ਗੰਭੀਰ ਹੈ ਅਤੇ ਇਸ ਲਈ ਕੋਈ ਵੀ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜਲ ਸ਼ਕਤੀ ਅਭਿਆਨ ਟੀਮ ਦਾ ਮੁੱਖ ਕਾਰਜ ਪਾਣੀ ਦੀ ਸੰਭਾਲ ਕਰਨਾ ਅਤੇ ਪਾਣੀ ਹੇਠਾਂ ਡਿੱਗ ਰਹੇ ਪੱਧਰ ਨੂੰ ਰੋਕਣਾ ਹੈ। ਉਨਾਂ ਕਿਹਾ ਕਿ ਸਾਡੀ ਟੀਮ ਤੋਂ ਇਲਾਵਾ ਜਿਲ੍ਹਾ ਅਧਿਕਾਰੀਆਂ ਵੱਲੋਂ ਵੀ ਸੁਝਾਅ ਲਏ ਗਏ ਹਨ ਅਤੇ ਛੇਤੀ ਹੀ ਇਸ ਉਤੇ ਯੋਜਨਾ ਉਲੀਕ ਕੇ ਕੰਮ ਸ਼ੁਰੂ ਕੀਤੇ ਜਾਣਗੇ। ਉਨਾਂ ਅੱਜ ਆਪਣੀ ਟੀਮ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨਾਂ ਕੋਲੋਂ ਪਾਣੀ ਬਚਾਉਣ ਤੇ ਸੰਜਮ ਨਾਲ ਵਰਤੋਂ ਦੇ ਵਿਚਾਰ ਵੀ ਲਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਹਰੇਕ ਪਿੰਡ ਵਿੱਚ 550 ਪੌਦੇ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪਾਣੀ ਦੇ ਹੇਠਾਂ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਤਲਾਬਾਂ ਦੀ ਸਫਾਈ ਵੀ ਕੀਤੀ ਗਈ ਹੈ। ਉਨਾਂ ਟੀਮ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਟੀਮ ਮੈਂਬਰਾਂ ਦਾ ਸ਼ੁਭ ਕਾਰਜ ਕਰਨ ਲਈ ਧੰਨਵਾਦ ਕਰਦੇ ਕਿਹਾ ਕਿ ਪੰਜਾਬੀ ਜਾਗਰੂਕ ਕੌਮ ਹੈ ਅਤੇ ਇੰਨਾਂ ਨੂੰ ਕੇਵਲ ਗਿਆਨ ਦੇਣ ਦੀ ਲੋੜ ਹੈ।

ਜੇਕਰ ਸਰਕਾਰ ਚੰਗੀ ਤਕਨੀਕ ਦੇ ਦੇਵੇਗੀ ਤਾਂ ਪੰਜਾਬ ਦੇ ਲੋਕ ਇਸ ਨੂੰ ਅਪਨਾਉਣ ਵਿਚ ਦੇਰ ਨਹੀਂ ਲਗਾਉਣਗੇ। ਉਨਾਂ ਕਿਹਾ ਕਿ ਤੁਸੀਂ ਜੋ ਵੀ ਯੋਜਨਾਬੰਦੀ ਕਰੋਗੇ ਅਸੀਂ ਜਿਲ੍ਹੇ ਵਿਚ ਉਸ ਨੂੰ ਲੋਕਾਂ ਦੇ ਸਾਥ ਨਾਲ ਲਾਗੂ ਕਰਾਂਗੇ।