ਬਰਤਾਨਵੀ ਕਲਾਕਾਰਾਂ ਵੱਲੋਂ ‘ਨਾਨਕ ਆਇਆ ਨਾਨਕ ਆਇਆ’ ਦੀ ਬਾਕਮਾਲ ਪੇਸ਼ਕਾਰੀ ਰੌਸ਼ਨੀ ਅਤੇ ਅਵਾਜ਼ ਪ੍ਰੋਗਰਾਮ ਦੇ ਸੁਮੇਲ ਨੇ ਦਰਸ਼ਕਾਂ ਦਾ ਮਨ ਮੋਹਿਆ

748

Nanak Aya Nanak Aaya

 

ਅੰਮ੍ਰਿਤਸਰ, 28 ਫਰਵਰੀ 2020 – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬੀ ਥੀਏਟਰ ਅਕੈਡਮੀ ਯੂ. ਕੇ. ਦੇ ਕਲਾਕਾਰਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਰੌਸਨੀ ਤੇ ਆਵਾਜ਼ ਪ੍ਰੋਗਰਾਮ ‘ਨਾਨਕ ਆਇਆ ਨਾਨਕ ਆਇਆ’ ਦੀ ਪੇਸ਼ਕਾਰੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਕਿ ਸਕੂਲ ਮਜੀਠਾ ਬਾਈਪਾਸ ਵਿਖੇ ਕੀਤੀ ਗਈ। ਰੌਸ਼ਨੀ ਅਤੇ ਅਵਾਜ਼ ਦੇ ਇਸ ਸੰਗਮ ਨੇ ਦਰਸ਼ਕਾਂ ਨੂੰ ਅੱਜ ਤੋਂ 500 ਵਰ੍ਹੇ ਪਹਿਲਾਂ ਵਾਲੇ ਸਮੇਂ ਦੇ ਦਰਸ਼ਨ ਕਰਵਾ ਦਿੱਤੇ।

ਬਰਤਾਨੀਆ ਵਿਚ ਰਹਿੰਦੇ ਇਹ ਕਲਾਕਾਰ ਭਾਵੇਂ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹਨ, ਪਰ ਉਨਾਂ ਦੀ ਇਹ ਪੇਸ਼ਕਾਰੀ ਦਰਸਾ ਗਈ ਕਿ ਮਾਨਸਿਕ ਪੱਖ ਤੋਂ ਵਲਾਇਤ ਰਹਿੰਦੀ ਦੂਸਰੀ ਪੀੜੀ ਵੀ ਪੰਜਾਬ ਅਤੇ ਆਪਣੇ ਅਮੀਰ ਵਿਰਸੇ ਨਾਲ ਪੀਡੀ ਸਾਂਝ ਰੱਖਦੀ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਦਾ ਸਵਾਗਤ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ. ਨਿਰਮਲ ਸਿੰਘ ਨੇ ਕੀਤਾ।

ਪ੍ਰੋਗਰਾਮ ਦੇ ਲੇਖਕ ਅਤੇ ਨਿਰਦੇਸ਼ਕ ਸ੍ਰੀ ਤਜਿੰਦਰ ਪੀ ਐਸ ਸਿੰਦਰਾ, ਜੋ ਕਿ ਮੂਲ ਰੂਪ ਵਿਚ ਅੰਮ੍ਰਿਤਸਰ ਦੇ ਕਸਬੇ ਅਟਾਰੀ ਨਾਲ ਸਬੰਧਤ ਰੱਖਦੇ ਹਨ, ਨੇ ਦੱਸਿਆ ਕਿ ਪ੍ਰੋਗਰਾਮ ਵਿਚ ਸ਼ਾਮਿਲ ਸਾਰੇ ਕਲਾਕਾਰ ਬਰਤਾਨੀਆ ਰਹਿ ਕੇ ਵੀ ਪੰਜਾਬ ਨਾਲ ਜੁੜੇ ਹੋਏ ਹਨ ਅਤੇ ਇਹ ਪੇਸ਼ਕਾਰੀ ਉਨਾਂ ਵੱਲੋਂ ਗੁਰੂ ਸਾਹਿਬ ਦੇ 550 ਸਾਲਾ ਪੁਰਬ ਨੂੰ ਸਮਰਪਿਤ ਹੈ। ਉਨਾਂ ਦੱਸਿਆ ਕਿ ਸਾਰੇ ਕਾਲਾਕਾਰ ਆਪਣਾ ਕੰਮ ਛੱਡੇ ਕੇ ਕਈ ਦਿਨ ਇਸ ਪ੍ਰੋਗਰਾਮ ਲਈ ਤਿਆਰੀ ਕਰਦੇ ਰਹੇ ਅਤੇ ਹੁਣ ਪੰਜਾਬ ਦੇ ਕਈ ਸ਼ਹਿਰਾਂ ਵਿਚ ਇਸਦੇ ਸ਼ੋਅ ਬਿਨਾਂ ਕਿਸੇ ਭੇਟਾ ਦੇ ਕਰ ਰਹੇ ਹਨ। ਉਨਾਂ ਇਸ ਸ਼ੋਅ ਲਈ ਸਾਥ ਦੇਣ ਵਾਸਤੇ ਚੀਫ ਖਾਲਸਾ ਦੀਵਾਨ ਅਤੇ ਲੰਦਨ ਸਥਿਤ ਭਾਰਤੀ ਦੂਤਘਰ ਦਾ ਵਿਸ਼ੇਸ ਤੌਰ ਉਤੇ ਧੰਨਵਾਦ ਕੀਤਾ।

ਸ. ਔਜਲਾ ਨੇ ਇਸ ਮੌਕੇ ਪ੍ਰੋਗਰਾਮ ਤੋਂ ਖੁਸ਼ ਹੁੰਦੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦੇਸ਼ਾਂ ਵਿਚ ਰਹਿੰਦੇ ਭਰਾ ਸਾਥੋਂ ਦੂਰ ਰਹਿ ਕੇ ਵੀ ਮਾਨਸਿਕ ਤੌਰ ਉਤੇ ਸਾਡੇ ਨਾਲ ਜੁੜੇ ਹੋਏ ਹਨ। ਉਨਾਂ ਕਲਾਕਾਰਾਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਵਿਦੇਸ਼ ਦੀ ਰੁਝੇਵਿਆਂ ਭਰੀ ਜਿੰਦਗੀ ਵਿਚੋਂ ਕਲਾ ਲਈ ਸਮਾਂ ਕੱਢਣਾ ਅਤੇ ਉਸ ਕਲਾ ਦੇ ਪ੍ਰਗਟਾਵੇ ਲਈ ਸੱਤ ਸਮੁੰਦਰ ਦਾ ਸਫਰ ਕਰਨਾ ਆਪਣੇ ਆਪ ਵਿਚ ਇਕ ਮਿਸਾਲ ਹੈ। ਉਨਾਂ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਪਿਆਰ ਹੀ ਹੈ, ਜੋ ਇੰਨਾਂ ਨੂੰ ਇੱਥੇ ਖਿੱਚ ਲਿਆਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸਵਿੰਦਰ ਸਿੰਘ ਕੱਥੂਨੰਗਲ, ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ. ਰਾਜਮਹਿੰਦਰ ਸਿੰਘ ਮਜੀਠਾ, ਸ. ਮਨਮੋਹਨ ਸਿੰਘ, ਸ. ਨਵਤੇਜ਼ ਸਿੰਘ ਵੱਲੋਂ ਵੀ ਸ. ਔਜਲਾ ਨੂੰ ਜੀ ਆਇਆਂ ਕਿਹਾ ਗਿਆ।

ਪ੍ਰੋਗਰਾਮ ਦਾ ਆਗਾਜ਼ ਸਬਦ ਗਾਇਨ ਨਾਲ ਹੋਇਆ। ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸਾਡੇ ਲਈ ਸੁਭਾਗੀ ਗੱਲ ਹੈ ਕਿ ਅਸੀਂ ਬਰਤਾਨੀਆ ਤੋਂ ਆਏ ਇੰਨਾਂ ਕਲਾਕਾਰਾਂ, ਜੋ ਕਿ ਸਾਡੇ ਭਰਾ ਹਨ, ਦੀ ਮਹਿਮਾਨ ਨਿਵਾਜ਼ੀ ਕੀਤੀ ਅਤੇ ਇੰਨਾਂ ਨੇ ਜਿਸ ਤਰਾਂ ਦਾ ਪ੍ਰੋਗਰਾਮ ਅੱਜੇ ਪੇਸ਼ ਕੀਤਾ ਹੈ, ਉਸ ਨਵੀਂ ਪੀੜ੍ਹੀ ਤੱਕ ਗੁਰੂ ਸਾਹਿਬਾਨ ਦਾ ਜੀਵਨ ਅਤੇ ਸੰਦੇਸ਼ ਪਹੁੰਚਾਉਣ ਲਈ ਇਕ ਮੀਲ ਪੱਥਰ ਸਾਬਿਤ ਹੋਵੇਗਾ।

ਇਸ ਮੌਕੇ ਭਾਗ ਸਿੰਘ ਅਣਖੀ ਚੇਅਰਮੈਨ ਸਕੂਲ, ਕੰਵਲਜੀਤ ਸਿੰਘ ਡੀ ਬੀ ਕੇ ਇੰਗਲੈਂਡ ਯੂਕੇ, ਨਰਿੰਦਰ ਕੌਰ ਯੂਕੇ, ਭਗਵੰਤ ਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਦਿਹਾਤੀ, ਕਾਬਲਜੀਤ ਸਿੰਘ ਯੂਕੇ, ਡਾ. ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ, ਪ੍ਰਿੰਸ ਸੁਖਜਿੰਦਰ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਹਾਜਰ ਸਨ।