Posted on

ਨਗਰ ਸੁਧਾਰ ਟਰੱਸਟ ਨੇ ਸ਼ਹਿਰ ਨੂੰ ਵਾਇਰਸ ਮੁਕਤ ਕਰਨ ਲਈ ਲਿਆਂਦੀ ਵੱਡੀ ਸਪਰੇਅ ਮਸ਼ੀਨ

spray machine

spray machine

 

ਅੰਮ੍ਰਿਤਸਰ, 31 ਮਾਰਚ 2020 – ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਕਰੋਨਾ ਵਾਇਰਸ ਦੇ ਖਾਤਮੇ ਲਈ ਵੱਡੀ ਸਪਰੇਅ ਮਸ਼ੀਨ ਲਿਆਂਦੀ ਗਈ ਹੈ, ਜਿਸ ਨੂੰ ਅੱਜ ਰਣਜੀਤ ਐਵੀਨਿਊ ਦੀ ਮੁੱਖ ਸੜਕ ਤੋਂ ਸ਼ੁਰੂ ਕਰ ਦਿੱਤਾ ਗਿਆ।

ਇਸ ਮੌਕੇ ਮਸ਼ੀਨ ਦਾ ਕੰਮ ਵੇਖਣ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਾਰਪੋਰੇਸ਼ਨ ਵੱਲੋਂ ਵੀ ਸਪਰੇਅਰ ਮਸ਼ੀਨਾਂ ਨਾਲ ਸੋਡੀਅਮ ਹਾਈਪੋ ਕਲੋਰਾਈਟ ਦੀ ਸਪਰੇਅ ਸ਼ਹਿਰ ਦੀਆਂ ਗਲੀਆਂ ਅਤੇ ਛੋਟੀਆਂ ਸੜਕਾਂ ਉਤੇ ਕਰਵਾਈ ਜਾ ਰਹੀ ਹੈ, ਪਰ ਸ਼ਹਿਰ ਦੀਆਂ ਚੌੜੀਆਂ ਸੜਕਾਂ ਉਤੇ ਸਪਰੇਅ ਕਰਨ ਵਿਚ ਮੁਸ਼ਿਕਲ ਆ ਰਹੀ ਸੀ। ਇਸ ਮੁਸ਼ਿਕਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਸਾਰੇ ਵਿਧਾਇਕਾਂ ਅਤੇ ਇੰੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ ਨੇ ਮਿਲ ਕੇ ਫੈਸਲਾ ਲਿਆ ਕਿ ਇਸ ਲਈ ਵੱਡੀ ਮਸ਼ੀਨ ਲਿਆਂਦੀ ਜਾਵੇ।

 

spray machine

 

ਨਗਰ ਸੁਧਾਰ ਟਰੱਸਟ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਅੱਜ ਇਹ ਮਸ਼ੀਨ ਦੀ ਖਰੀਦ ਕੀਤੀ ਹੈ, ਜਿਸਨੂੰ ਸਪਰੇਅ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਉਨਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਵਿਚ ਲੋਕਾਂ ਦਾ ਸਾਥ ਜ਼ਰੂਰੀ ਹੈ ਅਤੇ ਸਾਥ ਵੀ ਸਿਰਫ ਇਹ ਹੈ ਕਿ ਲੋਕ ਆਪਣੇ-ਆਪਣੇ ਘਰਾਂ ਵਿਚ ਬੈਠਣ। ਉਨਾਂ ਕਿਹਾ ਕਿ ਸਰਕਾਰ ਵੱਲੋਂ ਹਰੇਕ ਲੋੜਵੰਦ ਤੱਕ ਦਾਲ-ਰੋਟੀ ਪਹੁੰਚਾਉਣ ਦੀ ਪਹਿਲ ਲਗਾਤਾਰ ਕੀਤੀ ਜਾ ਰਹੀ ਹੈ, ਸਮਾਜਸੇਵੀ ਸੰਸਥਾਵਾਂ ਘਰ-ਘਰ ਰਾਸਨ ਦੀ ਸੇਵਾ ਕਰ ਰਹੀਆਂ ਹਨ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਾਰੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਪੈਰ ਬਾਹਰ ਨਾ ਪਾਈਏ।

ਇਸ ਮੌਕੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ ਨੇ ਦੱਸਿਆ ਕਿ ਇਹ ਮਸ਼ੀਨ 11 ਲੱਖ ਰੁਪਏ ਦਾ ਆਈ ਹੈ, ਜੋ ਕਿ ਪਹਿਲਾਂ ਕੇਵਲ ਵੱਡੇ ਬਾਗਾਂ ਵਿਚ ਹੀ ਸਪਰੇਅ ਕਰਨ ਲਈ ਵਰਤੀ ਜਾਂਦੀ ਸੀ। ਇਸ ਦੀ ਸਮਰੱਥਾ 2000 ਲਿਟਰ ਦੀ ਹੈ, ਜੋ ਕਿ ਸਾਰੇ ਸ਼ਹਿਰ ਲਈ ਖਰੀਦੀ ਗਈ ਹੈ ਅਤੇ ਕੱਲ ਤੋਂ ਇਹ ਬਣਾਏ ਗਏ ਰੂਟ ਉਤੇ ਚੱਲਦੀ ਹੋਈ ਸ਼ਹਿਰ ਦੀਆਂ ਸਾਰੀਆਂ ਚੌੜੀਆਂ ਸੜਕਾਂ ਉਤੇ ਸਪਰੇਅ ਕਰਾਂਗੇ। ਉਨਾਂ ਦੱਸਿਆ ਕਿ ਇਹ ਮਸ਼ੀਨ 40 ਫੁੱਟ ਦੇ ਕਰੀਬ ਇਕ ਪਾਸੇ ਅਤੇ 40 ਫੁੱਟ ਹੀ ਦੂਸਰੇ ਪਾਸੇ ਦਾ ਖੇਤਰ ਇਕੋ ਵੇਲੇ ਕਵਰ ਕਰਦੀ ਹੈ, ਜਿਸ ਨਾਲ ਕਰੀਬ 90 ਫੁੱਟ ਥਾਂ ਕਵਰ ਹੋ ਰਿਹਾ ਹੈ। ਉਨਾਂ ਦੱਸਿਆ ਕਿ ਸ਼ਹਿਰ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਨਗਰ ਸੁਧਰਾ ਟਰੱਸਟ ਵੱਲੋਂ ਸਪਰੇਅ ਦਾ ਇਹ ਕੰਮ ਲਗਾਤਾਰ ਜਾਰੀ ਰਹੇਗਾ।