ਸਤੰਬਰ ਮਹੀਨੇ ਵਿੱਚ ਲੱਗਣ ਵਾਲੇ ਮੇਗਾ ਰੋਜ਼ਗਾਰ ਮੇਲਿਆਂ ਸਬੰਧੀ ਏ.ਡੀ.ਸੀ (ਡੀ) ਵੱਲੋਂ ਕੀਤੀਆਂ ਗਈਆਂ ਮੀਟਿੰਗਾਂ

244

rozgar mela

 

ਅੰਮ੍ਰਿਤਸਰ, 11 ਸਤੰਬਰ 2019 – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਵਿੱਚ ਲੱਗਣ ਵਾਲੇ ਮੇਗਾ ਰੋਜ਼ਗਾਰ ਮੇਲਿਆਂ ਦੇ ਸਬੰਧ ਵਿੱਚ ਜਿਲਾ ਪ੍ਰੀਸ਼ਦ ਹਾਲ ਵਿਖੇ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਫਸਰ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਵਿਸ਼ੇਸ਼ ਸਾਰੰਗਲ ਜੀ ਵੱਲੋਂ ਕੀਤੀ ਗਈ। ਮੀਟਿੰਗ ਅੰਮ੍ਰਿਤਸਰ ਜਿਲੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਸਕਿੱਲ ਡਿਵੈਲਪਮੈਂਟ ਦੇ ਨੁਮਾਇੰਦੀਆਂ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਵਿਸ਼ੇਸ਼ ਸਰੰਗਲ ਜੀ ਨੇ ਸਾਰਿਆਂ ਨੂੰ ਸਬੰਧੋਨ ਕਰਦੇ ਹੋਏ ਮਿਤੀ 19 ਤੋਂ 30 ਸਤੰਬਰ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਪ੍ਰਾਰਥੀਆਂ ਦੀ

ਸ਼ਮੂਲੀਅਤ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਮੇਲਿਆਂ ਵਿੱਚ ਭਾਗ ਲੈ ਕੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਸਬੰਧੀ ਸਾਰੀਆਂ ਤਿਆਰੀਆਂ ਦਾ ਵੇਰਵਾ ਲਿਆ ਗਿਆ ਅਤੇ ਇਹ ਸਪਸ਼ੱਟ ਕੀਤਾ ਗਿਆ ਕਿ ਮੇਲਿਆਂ ਸਬੰਧੀ ਸਾਰੇ ਪ੍ਰਬੰਧ ਸਮੇਂ ਰਹਿੰਦੇ ਪੂਰੇ ਕਰ ਦਿੱਤੇ ਜਾਣ ਅਤੇ ਖਾਸ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਮੇਲਿਆਂ ਦੌਰਾਨ ਸਾਫ ਸਫਾਈ ਦਾ ਪ੍ਰਾਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਪ੍ਰਾਰਥੀਆਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਤੋਂ ਇਲਾਵਾ ਇੱਕ ਮੀਟਿੰਗ ਸਵੈ-ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਨਾਲ ਕਰਦੇ ਹੋਏ ਸ਼੍ਰੀ ਵਿਸ਼ੇਸ਼ ਸਰੰਗਲ ਜੀ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਦਿੱਤੀ ਕਿ ਸਾਰੇ ਸਵੈ-ਰੋਜ਼ਗਾਰ ਵਿਭਾਗ ਰੋਜ਼ਗਾਰ ਮੇਲਿਆਂ ਵਿੱਚ ਆਪਣਾ ਸਟਾਲ ਲਗਾਉਣ ਤਾਂ ਜੋ ਮੇਲਿਆਂ ਵਿੱਚ ਆਉਣ ਵਾਲੇ ਪ੍ਰਾਰਥੀਆਂ ਨੂੰ ਪੰਜਾਬ ਸਰਕਾਰ ਦੀਆਂ ਸਵੈ ਰੋਜ਼ਗਾਰ ਸਬੰਧੀ ਸਕੀਮਾਂ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ । ਇਸ ਮੀਟਿੰਗ ਵਿੱਚ ਅੰਮ੍ਰਿਤਸਰ ਜਿਲੇ ਦੇ ਵਿਦਿਅਕ ਅਦਾਰਿਆਂ (ਆਈ.ਟੀ.ਆਈ, ਪੋਲੀਟੈਕਨਿਕ ਕਾਲਜ, ਨਰਸਿੰਗ ਕਾਲਜ, ਬੀ.ਐਡ ਕਾਲਜ, ਡਿਗਰੀ ਕਾਲਜ ਅਤੇ ਸਕਿੱਲ ਸੈਂਟਰਾਂ) ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਵੱਲੋਂ ਸ਼ਿਰਕਤ ਕੀਤੀ ਗਈ।