ਜਗੀਰਦਾਰ ਸਮਾਜ ਦੀ ਤਰਾਂ ਜਾਤ-ਪਾਤ ਦਾ ਵੀ ਖਾਤਮਾ ਹੋਣਾ ਚਾਹੀਦਾ – ਦਲਾਈਲਾਮਾ

192

Dalai Lama

 

ਅੰਮ੍ਰਿਤਸਰ, 9 ਨਵੰਬਰ 2019 – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ‘ਏਕ ਨੂਰ-ਅੰਤਰ ਧਰਮ ਸੰਮੇਲਨ’ ਵਿਚ ਸੰਬੋਧਨ ਕਰਦਿਆਂ ਵੱਖ-ਵਖ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਗਏ ਅੰਤਰ ਧਰਮ ਸੰਵਾਦ ਨੂੰ ਯਾਦ ਕਰਦੇ ਉਨਾਂ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਵਿਵਹਾਰਕ ਰੂਪ ਵਿਚ ਅਪਨਾਉਣ ਉਤੇ ਜ਼ੋਰ ਦਿੱਤਾ।

ਸੰਮੇਲਨ ਨੂੰ ਸੰਬੋਧਨ ਕਰਦੇ ਸਤਿਕਾਰਯੋਗ ਦਲਾਈਲਾਮਾ ਨੇ ਕਿਹਾ ਕਿ ਜਿਸ ਤਰਾਂ ਸਮਾਜ ਵਿਚੋਂ ਜਗੀਰਦਾਰੀ ਦਾ ਖਾਤਮਾ ਹੋਇਆ ਹੈ, ਉਸੇ ਤਰਾਂ ਜਾਤ-ਪਾਤ ਦਾ ਵੀ ਖਾਤਮਾ ਹੋਣਾ ਚਾਹੀਦਾ ਹੈ, ਜਿਸਦਾ ਸੰਦੇਸ਼ ਗੁਰੂ ਨਾਨਕ ਨੇ ਅੱਜ ਤੋਂ ਕਰੀਬ 500 ਵਰੇ ਪਹਿਲਾਂ ਦਿੱਤਾ ਸੀ। ਉਨਾਂ ਗੁਰੂ ਨਾਨਕ ਦੁਆਰਾ ਮੱਕੇ ਵਿਖੇ ਕੀਤੇ ਅੰਤਰ ਧਰਮ ਸੰਵਾਦ ਨੂੰ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਮੰਨਦੇ ਕਿਹਾ ਕਿ ਏਕ ਨੂਰ ਨੂੰ ਵਿਹਾਰਕ ਰੂਪ ਵਿਚ ਅਪਨਾਉਣਾ ਚਾਹੀਦਾ ਹੈ।

 

Dalai Lama

ਅਸੀਂ ਸਾਰੇ ਦਿਮਾਗੀ, ਸਰੀਰਕ, ਭਾਵਨਾਤਮਿਕ ਤੌਰ ਉਤੇ ਇਕ ਹਾਂ, ਫਿਰ ਸਾਡੇ ਵਿਚ ਮਤਭੇਦ ਕਿਉਂ? ਉਨਾਂ ਕਿਹਾ ਕਿ ਆਦਮੀ ਸਮਾਜਿਕ ਪ੍ਰਾਣੀ ਹੈ ਅਤੇ ਭਾਈਚਾਰੇ ਤੋਂ ਬਿਨਾਂ ਰਹਿਣਾ ਨਾਮੁਮਕਿਨ ਹੈ, ਇਸ ਲਈ ਕਿਉਂ ਨਾ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ। ਭਾਰਤ ਦੀ ਮੌਜੂਦਾ ਸਿੱਖਆ ਪ੍ਰਣਾਲੀ ਬਾਰੇ ਬੋਲਦੇ ਦਲਾਈਲਾਮਾ ਨੇ ਕਿਹਾ ਕਿ ਇਸ ਨੇ ਸਾਨੂੰ ਪਦਾਰਥਵਾਦੀ ਬਣਾਇਆ ਹੈ। ਸਾਨੂੰ ਪਦਾਰਥਾਂ ਦੀ ਲੋੜ ਹੈ, ਪਰ ਸਾਨੂੰ ਇਸਦੇ ਨਾਲ-ਨਾਲ ਆਪਣੀਆਂ ਰਵਾਇਤਾਂ ਅਤੇ ਕਦਰਾਂ-ਕੀਮਤਾਂ ਉਤੇ ਵੀ ਪਹਿਰਾ ਦੇਣਾ ਚਾਹੀਦਾ ਹੈ, ਜੋ ਕਿ ਸਾਨੂੰ ਚੰਗਾ ਇਨਸਾਨ ਬਨਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਅਹਿੰਸਾ, ਵਾਤਾਵਰਣ ਦੀ ਸਾਂਭ-ਸੰਭਾਲ, ਜਾਤ-ਪਾਤ ਤਿਆਗਣ, ਧਾਰਮਿਕ ਸਦਭਾਵਨਾ ਬਣਾਉਣ, ਕੁਦਰਤੀ ਸਰੋਤਾਂ ਨੂੰ ਸੰਭਾਲਣ ਦਾ ਸੱਦਾ ਦਿੰਦੇ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਦਿੱਤੀ।

ਸਮਾਗਮ ਨੂੰ ਸੰਬੋਧਨ ਕਰਦੇ ਵਿਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਉਥੇ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਕਿਹਾ ਕਿ ਉਹ ਗੁਰੂ ਜਿਸਦਾ ਪੈਗਾਮ ਸਾਰੀ ਦੁਨੀਆਂ ਨਾਲ ਸਾਂਝਾ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਜੇ ਗੁਰੂ ਨਾਨਕ ਨਾ ਹੁੰਦੇ ਤਾਂ ਅੱਜ ਦਾ ਇਤਹਾਸ ਹੋਰ ਹੁੰਦਾ ਅਤੇ ਦੁਨੀਆਂ ਕਈ ਪੱਖਾਂ ਤੋਂ ਅਧੂਰੀ ਹੁੰਦੀ। ਉਨਾਂ ਕਿਹਾ ਕਿ 20ਵੀਂ ਸਦੀ ਕਈ ਪੱਖਾਂ ਤੋਂ ਜੁਦਾਈਆਂ ਦੀ ਸਦੀ ਰਹੀ ਹੈ ਅਤੇ ਆਸ ਹੈ ਕਿ 21ਵੀਂ ਸਦੀ ਭਾਈਚਾਰਕ ਸਾਂਝਾ ਜੋੜਨ ਵਾਲੀ ਬਣੇਗੀ।

Dalai Lama

 

ਇਸ ਮੌਕੇ ਸੰਬੋਧਨ ਕਰਦੇ ਰਾਮਾਕ੍ਰਿਸ਼ਨਾ ਮਿਸ਼ਨ ਦੇ ਪ੍ਰਤੀਨਿਧੀ ਸੁਆਮੀ ਸ਼ਧਿਦਾਨੰਦ ਨੇ ਕਿਹਾ ਕਿ ਆਦਮੀ ਨੂੰ ਧਨ-ਪਦਾਰਥਾਂ ਦੀ ਲੋੜ ਤਾਂ ਹੈ, ਪਰ ਇਹ ਆਤਮਿਕ ਖੁਸ਼ੀ ਦਾ ਸਾਧਨ ਨਹੀਂ। ਸਾਨੂੰ ਪਦਾਰਥਾਂ ਤੋਂ ਨਿਕਲਕੇ ਇਨਸਾਨੀਅਤ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਰਾ ਬ੍ਰਹਿਮੰਡ ਇਕ ਹੈ ਅਤੇ ਅਸੀਂ ਸਾਰੇ ਇਕ ਪਿਤਾ ਦੇ ਬੱਚੇ ਹਾਂ, ਪਰ ਅਸੀਂ ਇਸ ਸੋਚ ਨੂੰ ਭੁੱਲਦੇ ਜਾ ਰਹੇ ਹਾਂ। ਉਨਾਂ ਕਿਹਾ ਕਿ ਸਾਰੇ ਧਰਮਾਂ ਦੇ ਵੱਖਰੇ ਸਿਧਾਂਤ ਹਨ, ਪਰ ਸਾਰਿਆਂ ਦੀ ਸੋਚ ਇਕ ਹੈ। ਇਸ ਲਈ ਗੁਰੂ ਨਾਨਕ ਦੁਆਰਾ ਦਿੱਤਾ ਏਕ ਨੂਰ ਦਾ ਸੰਦੇਸ਼ ਅਪਨਾਉਣਾ ਅੱਜ ਦੀ ਵੱਡੀ ਲੋੜ ਹੈ।

ਮੌਲਾਨਾ ਸੱਯਦ ਅਤਹਰ ਹੁਸੈਨ ਦੇਹਲਵੀ ਨੇ ਗੁਰੂ ਨਾਨਕ ਦੁਆਰਾ ਚਲਾਏ ਲੰਗਰ ਨੂੰ ਸਮਾਜਿਕ ਬਰਾਬਰਤਾ ਦੀ ਬੁਨਿਆਦ ਦੱਸਦੇ ਕਿਹਾ ਕਿ ਕੁਦਰਤ ਨੇ ਸਾਡੇ ਸਾਰਿਆਂ ਲਈ ਇਕੋ ਜਿਹਾ ਅਨਾਜ ਤੇ ਖਾਧ ਪਦਾਰਥ ਪੈਦਾ ਕੀਤੇ ਪਰ ਸਾਡੇ ਬਰਤਨਾਂ ਨੇ ਇੰਨਾਂ ਦੀ ਵੰਡ ਕਰ ਦਿੱਤੀ। ਗੁਰੂ ਨਾਨਕ ਨੇ ਸੰਗਤ ਤੇ ਪੰਗਤ ਦਾ ਸਿੱਕਾ ਚਲਾ ਕੇ ਜਿੱਥੇ ਇਨਸਾਨੀਅਤ ਦੀ ਖਿਦਮਤ ਕੀਤੀ, ਉਥੇ ਇਹ ਸਮਾਜਿਕ ਬਰਾਬਰੀ ਦਾ ਵੀ ਵੱਡਾ ਜ਼ਰੀਆ ਬਣਿਆ। ਉਨਾਂ ਕਿਹਾ ਕਿ ਜੇਕਰ ਗੁਰਦੁਆਰਿਆਂ, ਲੰਗਰਾਂ ਅਤੇ ਸੇਵਾ ਵਿਚ ਮਜ਼ਹਬ ਨਹੀਂ ਪੁਛਿਆ ਜਾਂਦਾ ਤਾਂ ਫਿਰ ਸਮਾਜ ਵਿਚ ਇਸ ਦੀ ਦੀਵਾਰ ਕਿਉਂ ਖੜੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਨੂੰ ਬਾਬੇ ਨਾਨਕ ਦੁਆਰਾ ਸਿਖਾਈ ਧਰਮ ਨਿਰਪੱਖਤਾ ਨਿਭਾਉਣ ਦੀ ਲੋੜ ਹੈ। ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਧਰਮ ਚਾਨਣ ਹੈ ਅਤੇ ਧਰਮ ਵਿਅਕਤੀ ਨੂੰ ਚੰਗਾ ਕਿਰਦਾਰ ਦਿੰਦਾ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਗੁਰਬਾਣੀ ਨੂੰ ਮੰਨਦੇ ਹਾਂ, ਪਰ ਅਮਲ ਨਹੀਂ ਕਰਦੇ। ਸਾਨੂੰ ਸਾਰਿਆਂ ਨੂੰ ਇਕ-ਦੂਸਰੇ ਨਾਲ ਪ੍ਰੇਮ ਕਰਨ ਅਤੇ ਨਫਰਤ ਦੀ ਕੰਧ ਤੋੜਨੀ ਚਾਹੀਦੀ ਹੈ। ਬਿਸ਼ਪ ਸਮਾਤਾਂਰੋਏ ਨੇ ਗੁਰੂ ਨਾਨਕ ਜੀ ਨੂੰ ਵੱਡੇ ਸਮਾਜ ਸੁਧਾਰਕ ਦੱਸਦੇ ਲੋਕਾਂ ਨੂੰ ਧਾਰਮਿਕ ਕੱਟੜਤਾ ਤੋਂ ਕਿਨਾਰਾ ਕਰਨ, ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਗੁਰੂ ਨਾਨਕ ਜੀ ਸਚਾਈ, ਏਕਤਾ, ਨਿਆਂ, ਭੇਦ-ਭਾਵ ਮਿਟਾਉਣ ਲਈ ਡਟੇ ਸਨ ਅਤੇ 550 ਸਾਲ ਬਾਅਦ ਵੀ ਉਨਾਂ ਦੀ ਸਿੱਖਿਆ ਉਨੀ ਹੀ ਵਿਵਹਾਰਕ ਹੈ।

ਬ੍ਰਹਮ ਕੁਮਾਰੀ ਆਸ਼ਰਮ ਦੀ ਪ੍ਰਤੀਨਿਧੀ ਸਿਸਟਰ ਬੀ ਕੇ ਊਸ਼ਾ ਨੇ ਕਿਹਾ ਕਿ ਸਾਰੇ ਧਰਮ ਪ੍ਰਮਤਮਾ ਨੂੰ ਪ੍ਰਕਾਸ਼, ਨੂਰ, ਜੋਤੀ, ਇਕ ਉਂਕਾਰ, ਇਕ ਨਿਰਾਕਾਰ ਵੱਲ ਇਸ਼ਾਰਾ ਕਰਦੇ ਹਨ। ਅਸੀਂ ਸਾਰੇ ਇਕ ਬਗੀਚੇ ਦੇ ਫੁੱਲ ਹਾਂ ਅਤੇ ਸਾਰੇ ਇਕ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਾਂ, ਤਾਂ ਫਿਰ ਆਪਸੀ ਭਿੰਨ-ਭੇਦ ਕਿਉਂ? ਉਨਾਂ ਕਿਹਾ ਕਿ ਜਿਵੇਂ ਸਰੀਰ ਨੂੰ ਰੋਟੀ-ਪਾਣੀ ਦੀ ਲੋੜ ਹੈ, ਉਸੇ ਤਰਾਂ ਆਤਮਾ ਨੂੰ ਪਵਿਤਰਤਾ, ਪ੍ਰੇਮ, ਸਾਂਤੀ ਦੀ ਲੋੜ ਹੈ।

ਅਹਿਮਦੀਆ ਭਾਈਚਾਰੇ ਤੋਂ ਤਨਵੀਰ ਅਹਿਮਦ ਖ਼ਾਦਿਮ ਨੇ ਨੇਕ ਕੰਮ ਤੇ ਨੇਕ ਨੀਅਤ ਨੂੰ ਧਰਮ ਲਈ ਜਰੂਰੀ ਦੱਸਦੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਆਗਮਨ ਉਦੋਂ ਹੋਇਆ, ਜਦੋਂ ਸਮਾਜਿਕ ਕਦਰਾਂ-ਕੀਮਤਾਂ ਦਾ ਕੋਈ ਸਰੋਕਾਰ ਵੀ ਨਹੀਂ ਸੀ। ਉਨਾਂ ਸਮਾਜਿਕ ਬਰਾਬਰਤਾ, ਜਬਰ ਵਿਰੁੱਧ ਅਵਾਜ਼, ਕਰਮਕਾਂਡਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਗੁਰਬਾਣੀ ਦੇ ਰੂਪ ਵਿਚ ਅਜਿਹਾ ਇਕ ਨੂਰ ਸਾਨੂੰ ਦਿੱਤਾ, ਜਿਸਦਾ ਕੋਈ ਕਿਨਾਰਾ ਨਹੀਂ ਪਾ ਸਕਦਾ। ਉਨਾਂ ਕਿਹਾ ਕਿ ਗੁਰੂ ਜੀ ਦੁਆਰਾ ਰਚਿਤ ਬਾਣੀ ਅਕਾਲ ਦੀ ਬਾਣੀ ਹੈ ਅਤੇ ਇਹੀ ਨੂਰ ਹੈ। ਅੱਜ ਲੋੜ ਹੈ ਕਿ ਅਸੀਂ ਗੁਰਬਾਣੀ ਦੇ ਪੈਗਾਮ ਉਤੇ ਪੂਰੇ ਉਤਰੀਏ ਅਤੇ ਆਪਣੇ ਜੀਵਨ ਦੀ ਸੇਧ ਗੁਰਬਾਣੀ ਤੋਂ ਲਈਏ।

ਅਰਬਿੰਦੋ ਆਸ਼ਰਮ ਦੇ ਪ੍ਰਤੀਨਿਧੀ ਡਾ. ਮੋਨਿਕਾ ਗੁਪਤਾ ਨੇ ਵੀ ਆਤਮਾ-ਪਰਮਾਤਮਾ ਦੀ ਗੱਲ ਕਰਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਉਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਸਾਰੇ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੈਕਟਰੀ ਹਾਇਰ ਐਜੂਕੇਸ਼ਨ ਸ੍ਰੀ ਅਨੁਰਾਗ ਵਰਮਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਤੇ ਹੋਰ ਪਤਵੰਤੇ ਹਾਜਰ ਸਨ।