ਨਵੀਆਂ ਉਡਾਨਾਂ ਦੀ ਸ਼ੁਰੂਆਤ ਲਈ ਹੋਟਲ ਮਾਲਕਾਂ ਨੇ ਔਜਲਾ ਨੂੰ ਕੀਤਾ ਸਨਮਾਨਿਤ

117

Hotel

 

ਅੰਮ੍ਰਿਤਸਰ, 29 ਸਤੰਬਰ 2019 – ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਵਿਸਥਾਰ ਅਤੇ ਇਥੋਂ ਉਡਾਨਾਂ ਸ਼ੁਰੂ ਕਰਨ ਲਈ ਲਗਾਤਾਰ ਯਤਨ ਕਰ ਰਹੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਸ਼ਹਿਰ ਦੇ ਹੋਟਲ ਮਾਲਕਾਂ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਸ. ਔਜਲਾ ਨੇ ਜਿੱਥੇ ਹੋਟਲ ਮਾਲਕਾਂ ਵੱਲੋਂ ਦਿੱਤੇ ਗਏ ਇਸ ਪਿਆਰ ਲਈ ਧੰਨਵਾਦ ਕੀਤਾ ਉਥੇ ਵਾਅਦਾ ਵੀ ਕੀਤਾ ਕਿ ਅੰਮ੍ਰਿਤਸਰ ਵਿਚ ਸੈਰ ਸਪਾਟੇ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਯਤਨ ਜਾਰੀ ਰਹਿਣਗੇ, ਚਾਹੇ ਇਸ ਲਈ ਹਵਾਈ ਅੱਡੇ ਦਾ ਮੁੱਦਾ ਹੋਵੇ, ਰੇਲਵੇ ਸਟੇਸ਼ਨ ਦਾ, ਅੰਤਰਾਸ਼ਟਰੀ ਸਰਹੱਦ ਰਸਤੇ ਵਪਾਰ ਖੋਲਣ ਦਾ ਜਾਂ ਸ਼ਹਿਰ ਨੂੰ ਖੂਬਸੂਰਤ ਤੇ ਸੈਲਾਨੀ ਪੱਖੀ ਬਨਾਉਣ ਦਾ। ਉਨਾਂ ਹੋਟਲ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਹੋਟਲਾਂ ਵਿਚ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਕਿਰਾਏ ਵੀ ਹੋਟਲ ਦੇ ਪੱਧਰ ਅਨੁਸਾਰ ਇਕ ਸਮਾਨ ਰੱਣਖ, ਨਾ ਕਿ ਸੀਜ਼ਨ ਦੀ ਮੰਗ ਅਨੁਸਾਰ ਵਾਧੇ ਕਰਕੇ ਸੈਲਾਨੀਆਂ ਨੂੰ ਪਰੇਸ਼ਾਨ ਕਰਨ। ਉਨਾਂ ਕਿਹਾ ਕਿ ਸੈਰ ਸਪਾਟਾ ਸਨਅਤ ਲੋਕਾਂ ਦੇ ਸਾਥ ਨਾਲ ਹੀ ਚੱਲਦੀ ਹੈ ਅਤੇ ਅੱਜ ਦੇ ਸੂਚਨਾ ਤਕਨਾਲੋਜੀ ਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਗਾਹਕ ਦੀ ਫੀਡ ਬੈਕ ਮਿੰਟਾਂ ਤੇ ਸਕਿੰਟਾਂ ਵਿਚ ਲੱਖਾਂ ਆਦਮੀਆਂ ਤੱਕ ਪੁੱਜ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਤੁਸੀਂ ਗਾਹਕ ਨਾਲ ਠੀਕ ਵਿਹਾਰ ਕਰਕੇ ਉਸਦਾ ਭਰੋਸਾ ਜਿੱਤਦੇ ਹੋ ਤਾਂ ਇਹ ਸੰਦੇਸ਼ ਵੀ ਲੱਖਾਂ ਤੱਕ ਪੁੱਜਣਾ ਹੈ ਅਤੇ ਜੇਕਰ ਗਾਹਕ ਨਾਲ ਮਾੜਾ ਵਰਤਾਉ ਕਰੋਗੇ ਤਾਂ ਇਹ ਫੀਡ ਬੈਕ ਉਸ ਤੋਂ ਕਈ ਗੁਣਾ ਤੇਜ਼ੀ ਨਾਲ ਲੋਕਾਂ ਤੱਕ ਪਹੁਚ ਜਾਣੀ ਹੈ, ਜੋ ਕਿ ਸੈਰ ਸਪਾਟਾ ਸਨਅਤ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ।

ਸ. ਔਜਲਾ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਹਾਲ ਗੇਟ ਤੋਂ ਭਰਾਵਾਂ ਦੇ ਢਾਬੇ ਤੱਕ ਦੁਕਾਨਾਂ ਨੂੰ ਇਕੋ ਜਿਹੀ ਦਿੱਖ ਦੇਣ ਲਈ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਅਤੇ ਆਸ ਹੈ ਕਿ ਇਹ ਕੰਮ ਨਵੇਂ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਨਾਲ ਬਾਜ਼ਾਰ ਦੀ ਪੁਰਾਤਨ ਦਿੱਖ ਨਿਕਲ ਕੇ ਸਾਹਮਣੇ ਆਵੇਗੀ, ਜੋ ਕਿ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗੀ। ਉਨਾਂ ਕਿਹਾ ਕਿ ਇਸ ਨਾਲ ਹੋਟਲਾਂ ਦੇ ਨਾਲ-ਨਾਲ ਦੁਕਾਨਦਾਰਾਂ ਦੇ ਕਾਰੋਬਾਰ ਵਿਚ ਵੀ ਵਾਧਾ ਹੋਵੇਗਾ। ਸ੍ਰੀ ਔਜਲਾ ਨੇ ਸ਼ਹਿਰ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਰੱਖਣ ਵਿਚ ਹੋਟਲ ਮਾਲਕਾਂ ਤੋਂ ਸਾਥ ਮੰਗਦੇ ਕਿਹਾ ਕਿ ਤੁਸੀਂ ਵੀ ਆਪਣੇ ਘਰ ਅਤੇ ਕਾਰੋਬਾਰੀ ਸਥਾਨ ਦੇ ਆਲੇ-ਦੁਆਲੇ ਸੁੰਦਰ ਦਰਖਤ ਲਗਾਉ ਤੇ ਸਫਾਈ ਰੱਖੋ, ਇਸ ਨਾਲ ਵੀ ਤੁਹਾਡੇ ਕਾਰੋਬਾਰ ਉਤੇ ਵੱਡਾ ਅਸਰ ਪਵੇਗਾ।