Posted on

ਖੁਸ਼ਹਾਲੀ ਦੇ ਰਾਖੇ ਸਾਬਕਾ ਫੌਜੀਆਂ ਵੱਲੋਂ ਆਪਣੀ ਅੱਧੀ ਤਨਖਾਹ ਰਾਹਤ ਕੰਮਾਂ ਵਿਚ ਲਗਾਉਣ ਦਾ ਐਲਾਨ

relief work

relief work

 

ਅੰਮ੍ਰਿਤਸਰ, 3 ਅਪ੍ਰੈਲ 2020 – ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ਸ਼ੇਰਗਿਲ ਸੀਨੀਅਰ ਵਾਈਸ ਚੇਅਰਮੈਨ ‘ਗਾਰਡੀਅਨ ਆਫ ਗਵਰਨੈੱਸ’ ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਵਿਖੇ ਕੀਤੀ ਮੀਟਿੰਗ ਦੌਰਾਨ ਅੰਮ੍ਰਿਤਸਰ ਜਿਲੇ ਦੇ ਖੁਸ਼ਹਾਲੀ ਦੇ ਰਾਖੇ, ਜੋ ਕਿ ਸਾਬਕਾ ਫੌਜੀ ਹਨ, ਵੱਲੋਂ ਆਪਣੀ ਮਹੀਨੇ ਦੀ ਅੱਧੀ ਤਨਖਾਹ ਜਿਲੇ ਵਿਚ ਚੱਲ ਰਹੇ ਰਾਹਤ ਕੰਮਾਂ ਵਿਚ ਲਗਾਉਣ ਦਾ ਐਲਾਨ ਕੀਤਾ। ਅੱਜ ਜ਼ਿਲਾ ਪ੍ਰਸ਼ਾਸਨ ਨਾਲ ਕਰਫਿਊ ਦੌਰਾਨ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸ੍ਰੀ ਟੀ.ਐਸ. ਸੇਰਗਿੱਲ ਨੇ ਸਾਬਕਾ ਫੌਜੀਆਂ ਵੱਲੋਂ ਕੀਤੇ ਇਸ ਐਲਾਨ ਲਈ ਧੰਨਵਾਦ ਕਰਦੇ ਕਿਹਾ ਕਿ ਤੁਸੀਂ ਯੋਧੇ ਹੋ ਅਤੇ ਤੁਸੀਂ ਦੁਸ਼ਮਣ ਨਾਲ ਕਈ ਜੰਗਾਂ ਲੜੀਆਂ ਹਨ। ਕੋਰੋਨਾ ਵਿਰੁੱਧ ਵੀ ਇਕ ਜੰਗ ਹੈ, ਜੋ ਅਸੀਂ ਸਾਰੇ ਲੜ ਰਹੇ ਹਾਂ ਅਤੇ ਤੁਸੀਂ ਇਸ ਜੰਗ ਵਿਚ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰੋ।

ਉਨਾਂ ਕਿਹਾ ਕਿ ਸਾਰੇ ਪੰਜਾਬ ਵਿਚ ਜੀ.ਓ.ਜੀ. ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਸਮੇਂ ਜਿਲਾ ਪ੍ਰਸ਼ਾਸ਼ਨ ਅਤੇ ‘ਗਾਰਡੀਅਨ ਆਫ ਗਵਰਨੈੱਸ’ ਦੇ ਵਲੰਟੀਅਰ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦੇਣ। ਉਨਾਂ ਕਿਹਾ ਕਿ ਕਰਫਿਊ ਦੌਰਾਨ ਕਿਰਤੀ ਲੋਕ ਜੋ ਕਿ ਰੋਜ਼ ਕਮਾਈ ਕਰਕੇ ਆਪਣਾ ਘਰ ਚਲਾਉਂਦੇ ਸਨ, ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਲੋੜੀਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਨਾਉਣ ਵਿਚ ਜੀ. ਓ. ਜੀ. ਵੱਧ ਚੜ ਕੇ ਯੋਗਦਾਨ ਪਾਉਣ।

ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲੇ ਵਿਚ ਚੱਲ ਰਹੇ ਰਾਹਤ ਕੰਮਾਂ ਅਤੇ ਹਾੜੀ ਦੀ ਖਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੇਰਵਾ ਜਨਰਲ ਸ਼ੇਰਗਿਲ ਨਾਲ ਸਾਂਝਾ ਕੀਤਾ। ਅੰਮ੍ਰਿਤਸਰ ਜਿਲੇ ਦੇ ਜੀ ਓ ਜੀ ਮੁਖੀ ਸਾਬਕਾ ਕਰਨਲ ਐਸ. ਐਸ. ਸੰਧੂ ਨੇ ਦੱਸਿਆ ਕਿ ਜਿਲੇ ਵਿਚ 319 ਜੀ.ਓ.ਜੀ. ਹਨ ਅਤੇ ਇਹ ਰਕਮ ਕੋਈ ਕਰੀਬ 17 ਕੁ ਲੱਖ ਰੁਪਏ ਬਣੇਗੀ। ਉਨਾਂ ਦੱਸਿਆ ਕਿ ਅਸੀਂ ਇਸ ਰਕਮ ਨਾਲ ਪ੍ਰਸ਼ਾਸ਼ਨ ਦੀ ਸਲਾਹ ਉਤੇ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕਰਾਂਗੇ। ਉਨਾਂ ਦੱਸਿਆ ਕਿ ਅਸੀਂ ਜਿਲੇ ਵਿਚੋਂ ਅਜਿਹੇ 40 ਹਜ਼ਾਰ ਪਰਿਵਾਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਇਸ ਵੇਲੇ ਵੀ ਸਰਕਾਰ ਵੱਲੋਂ ਇਨਾਂ ਨੂੰ ਰਾਹਤ ਸਮਗਰੀ ਭੇਜੀ ਜਾ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਓ ਐਸ ਡੀ ਸ. ਕਰਨਵੀਰ ਸਿੰਘ, ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਲੈਫ. ਕਰਨਲ ਸਤਬੀਰ ਸਿੰਘ ਵੜੈਚ, ਉਪ ਜਿਲਾ ਮੁਖੀ ਕਰਨਲ ਆਈ. ਐਸ. ਸੰਧੂ, ਕਰਨਲ ਜੀ ਐਸ ਬਾਜਵਾ, ਕਰਨਲ ਕੇ. ਐਸ. ਢਿਲੋਂ, ਕਰਨਲ ਗੁਰਮੁੱਖ ਸਿੰਘ, ਕਰਨਲ ਐਸ ਐਸ ਢਿਲੋਂ, ਮੇਜਰ ਪੀ ਐਸ ਹੁੰਦਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।