ਅੰਮ੍ਰਿਤਸਰ ਵਿਚ ਰੁਜ਼ਗਾਰ ਮੇਲੇ 13 ਅਤੇ 22 ਫਰਵਰੀ ਨੂੰ ਲੱਗਣਗੇ

147

Rozgar Mela

 

ਅੰਮ੍ਰਿਤਸਰ, 7 ਫਰਵਰੀ 2019 – ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਅਤੇ ਇਸ ਲਈ ਹਰੇਕ ਜਿਲੇ ਵਿਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰਾਜ ਪੱਧਰ ‘ਤੇ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਨੂੰ ਸੱਦ ਕੇ ਰੁਜ਼ਗਾਰ ਮੇਲੇ ਲਗਾਏ ਜਾ ਚੁੱਕੇ ਹਨ। ਇਸੇ ਕੜੀ ਵਿਚ ਹੁਣ ਅੰਮ੍ਰਿਤਸਰ ਵਿਚ 2 ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿੰਨਾ ਵਿਚੋਂ ਪਹਿਲਾ ਮੇਲਾ 13 ਫਰਵਰੀ ਨੂੰ ਸਰਕਾਰੀ ਆਈ ਟੀ ਆਈ ਰਣਜੀਤ ਐਵੀਨਿਊ, ਡੀ ਬਲਾਕ ਅੰਮ੍ਰਿਤਸਰ ਵਿਚ ਅਤੇ ਦੂਸਰਾ ਮੇਲਾ 22 ਫਰਵਰੀ ਨੂੰ ਸਰਕਾਰੀ ਬਹੁ ਤਕਨੀਕੀ ਕਾਲਜ, ਛੇਹਰਟਾ ਰੋਡ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਲਗਾਇਆ ਜਾ ਰਿਹਾ ਹੈ।

ਅੱਜ ਉਕਤ ਮੇਲਿਆਂ ਦੀ ਤਿਆਰੀ ਲਈ ਜਿਲਾ ਰੋਜ਼ਗਾਰ ਬਿਊਰੋ ਪਹੁੰਚੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ। ਉਨਾਂ ਹਦਾਇਤ ਕੀਤੀ ਕਿ ਆ ਰਹੀਆਂ ਕੰਪਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਕਾਲਜ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਲੋੜਵੰਦ ਲੋਕਾਂ ਤੱਕ ਮੇਲੇ ਦਾ ਸੰਦੇਸ਼ ਪੁੱਜੇ, ਤਾਂ ਜੋ ਬੇਰੋਜ਼ਗਾਰ ਲੜਕੇ ਤੇ ਲੜਕੀਆਂ ਇਸ ਦਾ ਲਾਹਾ ਲੈ ਸਕਣ। ਸ. ਸੰਘਾ ਨੇ ਦੱਸਿਆ ਕਿ ਇਨਾਂ ਮੇਲਿਆਂ ਵਿਚ 100 ਤੋਂ ਵੱਧ ਕੰਪਨੀਆਂ ਅਤੇ ਅਦਾਰਿਆਂ ਵੱਲੋਂ ਦਸਵੀਂ, ਬਾਰਵੀਂ, ਆਈ ਟੀ ਆਈ ਪਾਸ, ਡਿਪਲੋਮਾ ਹੋਲਡਰ, ਗਰੈਜੂਏਟ ਅਤੇ ਸਕਿਲ ਸੈਂਟਰਾਂ ਤੋਂ ਟ੍ਰੇਨਿਗ ਪ੍ਰਾਪਤ 400 ਬੱਚਿਆਂ ਦੀ ਚੋਣ ਕੀਤੀ ਜਾਵੇਗੀ। ਉਨਾਂ ਲੋੜਵੰਦ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਵਿਚ ਭਾਗ ਲੈਣ ਲਈ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਚਿਹਰੀ ਚੌਕ ਅੰਮ੍ਰਿਤਸਰ ਵਿਖੇ ਪਹੁੰਚ ਕੇ ਵਿਸਥਾਰਤ ਜਾਣਕਾਰੀ ਲੈਣ ਤੇ ਆਪਣਾ ਨਾਮ ਦਰਜ ਕਰਵਾਉਣ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰ ਸਿੰਘ, ਸ. ਸੁਖਜਿੰਦਰ ਸਿੰਘ, ਗੁਰਭੇਜ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜਰ ਸਨ।