ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ 7ਵੀਂ ਆਰਥਿਕ ਗਣਨਾ ਦਾ ਸ਼ੁੱਭ ਆਰੰਭ

84

Deputy Commissioner

 

ਅੰਮ੍ਰਿਤਸਰ, 9 ਸਤੰਬਰ 2019 – 7ਵੀਂ ਆਰਥਿਕ ਗਣਨਾ ਦਾ ਸ਼ੁੱਭ ਆਰੰਭ ਅੱਜ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀ ਰਿਹਾਇਸ਼ ਤੋਂ ਫਾਰਮ ਭਰ ਕੇ ਰਸਮੀ ਤੌਰ ਉਤੇ ਕਰ ਦਿੱਤਾ ਗਿਆ ਹੈ। ਇਸ ਮੌਕੇ ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਸਹਾਇਕ ਖੋਜ ਅਧਿਕਾਰੀ ਸ੍ਰੀਮਤੀ ਸਾਧਨਾ ਸ਼ਰਮਾ, ਨੈਸ਼ਨਲ ਸੈਂਪਲ ਸਰਵੇ ਦੇ ਅਧਿਕਾਰੀ ਅਰੁਣ ਕੁਮਾਰ ਤੋਂ ਇਲਾਵਾ ਪ੍ਰਮਾਣਿਤ ਸੁਪਰਵਾਈਜ਼ਰ ਅਤੇ ਗਿਣਤੀਕਾਰ ਮੌਜੂਦ ਸਨ।

ਇਸ ਮੌਕੇ ਸ. ਢਿਲੋਂ ਨੇ ਦੱਸਿਆ ਕਿ ਆਰਥਿਕ ਗਣਨਾ ਦੌਰਾਨ ਜ਼ਿਲ੍ਹੇ ਦੇ ਹਰ ਘਰ, ਦੁਕਾਨ, ਦਫ਼ਤਰ ਅਤੇ ਅਦਾਰੇ ਵਿੱਚ ਜਾ ਕੇ ਗਿਣਤੀਕਾਰ ਵੱਲੋਂ ਚੱਲ ਰਹੀਆਂ ਆਰਥਿਕ ਗਤੀਵਿਧੀਆਂ ਸਬੰਧੀ ਡਾਟਾ ਇੱਕਤਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਹਰ ਇੱਕ ਗਿਣਤੀਕਾਰ ਨੂੰ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਰਜਿਸਟਰੇਸ਼ਨ ਸਰਟੀਫਿਕੇਟ ਤੇ ਪਛਾਣ ਪੱਤਰ ਜਾਰੀ ਕੀਤਾ ਗਿਆ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਮਾਣਿਤ ਗਿਣਤੀਕਾਰ ਨੂੰ ਆਪਣੀ ਸਹੀ-ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਸਰਕਾਰ ਵੱਲੋਂ ਭਵਿੱਖ ਦੀਆਂ ਯੋਜਨਾਵਾਂ ਬਿਹਤਰ ਢੰਗ ਨਾਲ ਉਲੀਕੀਆਂ ਜਾ ਸਕਣ। ਉਹਨਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਆਰਥਿਕ ਗਣਨਾ ਪਹਿਲੀ ਵਾਰ ਆਨਲਾਈਨ ਢੰਗ ਨਾਲ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾਵੇਗੀ ਤਾਂ ਜੋ ਸਰਵੇ ਨੂੰ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਸਕੇ ।

ਉਹਨਾਂ ਦੱਸਿਆ ਕਿ ਇਸ ਕੰਮ ਨੂੰ ਨੇਪਰੇ ਚੜਾਉਣ ਲਈ ਤਿੰਨ ਵਿਭਾਗਾਂ ਅਰਥ ਤੇ ਅੰਕੜਾ ਸੰਗਠਨ ਪੰਜਾਬ, ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ ਭਾਰਤ ਸਰਕਾਰ ਅਤੇ ਸੀ. ਐੱਸ. ਸੀ. ਈ. ਗਵਰਨੈਂਸ ਸਰਵਿਸ਼ਜ਼ ਇੰਡੀਆਂ ਲਿਮਟਿਡ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਆਰਥਿਕ ਗਣਨਾ ਦੌਰਾਨ ਜ਼ਿਲ੍ਹੇ ਦੇ 741 ਪਿੰਡਾਂ ਅਤੇ ਸਾਰੇ ਸ਼ਹਿਰੀ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਇਸ ਲਈ 353 ਸੁਪਰਵਾਈਜ਼ਰ ਤੇ 1086 ਗਿਣਤੀਕਾਰਾਂ ਦੀ ਡਿਊਟੀ ਲਗਾਈ ਗਈ ਹੈ।

ਉਹਨਾਂ ਦੱਸਿਆ 7ਵੀਂ ਆਰਥਿਕ ਗਣਨਾ ਪੰਜਾਬ ਰਾਜ ਵਿੱਚ 2 ਪੜਾਵਾਂ ਵਿੱਚ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਵਿੱਚ ਆਰਥਿਕ ਗਣਨਾ ਦਾ ਕੰਮ ਦੂਸਰੇ ਪੜਾਅ ਵਿੱਚ ਕੀਤਾ ਜਾ ਰਿਹਾ ਹੈ। ਸ. ਢਿਲੋਂ ਨੇ ਦੱਸਿਆ ਕਿ ਇਸ ਲਈ ਫੀਲਡ ਕਰਮਚਾਰੀਆਂ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਉਨਾਂ ਘਰ-ਘਰ ਜਾ ਰਹੇ ਗਿਣਤੀਕਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸ਼ਨਾਖਤੀ ਕਾਰਡ ਗਲ ਵਿਚ ਪਾ ਕੇ ਜਾਣ ਅਤੇ ਇਸ ਤੋਂ ਇਲਾਵਾ ਆਪਣੇ ਸਰਟੀਫਿਕੇਟ ਦੀ ਕਾਪੀ ਵੀ ਨਾ ਰੱਖਣ, ਤਾਂ ਜੋ ਤੁਹਾਡੀ ਪਹਿਚਾਣ ਕਰਕੇ ਘਰ ਵਾਲੇ ਤਹਾਨੂੰ ਸਹੀ ਜਾਣਕਾਰੀ ਦੇ ਸਕਣ।