ਕੋਰੋਨਾ ਨਾਲ ਮਰੇ ਐਸ. ਈ. ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈਣ ਤੋਂ ਪਰਿਵਾਰ ਵੱਲੋਂ ਇਨਕਾਰ

156

Jaswinder Singh

 

ਅੰਮ੍ਰਿਤਸਰ, 7 ਅਪ੍ਰੈਲ 2020 – ਨਗਰ ਨਿਗਮ ਦੇ ਸਾਬਕਾ ਸੀਨੀਅਰ ਇੰਜੀਨੀਅਰ ਸ੍ਰੀ ਜਸਵਿੰਦਰ ਸਿੰਘ, ਜੋ ਕਿ ਬੀਤੇ ਦਿਨੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਕੋਵਿਡ 19 ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰ ਨੇ ਉਨਾਂ ਦੀ ਮ੍ਰਿਤਕ ਦੇਹ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਏ ਸੀ ਪੀ ਜਸਪ੍ਰੀਤ ਸਿੰਘ, ਤਹਿਸੀਲਦਾਰ ਸ੍ਰੀਮਤੀ ਅਰਚਨਾ, ਐਸ ਐਚ ਓ ਗੁਰਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਬਾਬਾ ਸ਼ਹੀਦਾਂ ਸਮਸ਼ਾਨ ਘਾਟ ਵਿਚ ਅੱਜ ਸਵੇਰੇ ਧਾਰਮਿਕ ਰਸਮਾਂ ਨਾਲ ਸ. ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਆਪ ਮੌਕੇ ਉਤੇ ਜਾ ਕੇ ਕਰਵਾਇਆ। ਇਸ ਮੌਕੇ ਪਟਵਾਰੀਆਂ ਤੇ ਅੰਮ੍ਰਿਤਸਰ ਮਿਉਂਸੀਪਲ ਦੇ ਕਰਮਚਾਰੀਆਂ ਵੱਲੋਂ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ ਲਾਬੂੰ ਲਗਾਉਣ ਤੱਕ ਦੀ ਸਾਰੀ ਰਸਮ ਨਿਭਾਈ ਗਈ। ਅਰਦਾਸ ਲਈ ਗ੍ਰੰਥੀ ਸਿੰਘ ਦਾ ਪ੍ਰਬੰਧ ਵੀ ਤਹਿਸੀਲਦਾਰ ਸ੍ਰੀਮਤੀ ਅਰਚਨਾ ਵੱਲੋਂ ਗੁਰਦੁਆਰਾ ਸਾਹਿਬ ਤੋਂ ਕਰਵਾਇਆ ਗਿਆ।

ਸ੍ਰੀ ਵਿਕਾਸ ਹੀਰਾ ਐਸ ਡੀ ਐਮ ਅੰਮ੍ਰਿਤਸਰ ਇਕ ਨੇ ਦੱਸਿਆ ਕਿ ਪਹਿਲਾਂ ਹਸਪਤਾਲ ਅਤੇ ਫਿਰ ਅਸੀਂ ਪਰਿਵਾਰ ਨਾਲ ਮ੍ਰਿਤਕ ਦੇਹ ਲੈਣ ਲਈ ਰਾਬਤਾ ਕੀਤਾ ਸੀ, ਪਰ ਉਨਾਂ ਵੱਲੋਂ ਹਾਂ ਵਿਚ ਜਵਾਬ ਨਹੀਂ ਮਿਲਿਆ। ਉਨਾਂ ਦੱਸਿਆ ਕਿ ਅਸੀਂ ਪਰਿਵਾਰ ਵਾਸਤੇ ਸਾਰੇ ਸੁਰੱਖਿਆ ਪ੍ਰਬੰਧ ਜਿਸ ਵਿਚ ਕਿੱਟਾਂ, ਮਾਸਕ, ਦਸਤਾਨੇ, ਸੈਨਟਾਈਜ਼ਰ ਆਦਿ ਸ਼ਾਮਿਲ ਸਨ, ਦਾ ਪ੍ਰਬੰਧ ਵੀ ਕੀਤਾ ਸੀ, ਤਾਂ ਕਿ ਕਿਸੇ ਨੂੰ ਕੋਈ ਖ਼ਤਰਾ ਨਾ ਹੋਵੇ, ਪਰ ਪਰਿਵਾਰ ਨੇ ਹਾਂ ਹੀ ਨਹੀਂ ਕੀਤੀ। ਉਨਾਂ ਦੱਸਿਆ ਕਿ ਜਸਵਿੰਦਰ ਸਿੰਘ ਜੋ ਕਿ ਉਚੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ, ਦੀ ਬੇਟੀ ਵੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸਨੇ ਵੀ ਮ੍ਰਿਤਕ ਦੇਹ ਲੈਣ ਲਈ ਹੁੰਗਾਰਾ ਤੱਕ ਨਹੀਂ ਭਰਿਆ ਅਤੇ ਇਥੋਂ ਤੱਕ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਮਸ਼ਾਨਘਾਟ ਤੱਕ ਵੀ ਨਹੀਂ ਪੁੱਜਾ। ਸਿੱਟੇ ਵਜੋਂ ਪ੍ਰਸ਼ਾਸ਼ਨ ਵੱਲੋਂ ਗਈ ਸਮੁੱਚੀ ਟੀਮ ਨੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ।