110 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਦੇ ਸੀਵਰੇਜ ਸਿਸਟਮ ਨੂੰ ਕੀਤਾ ਜਾਵੇਗਾ ਦਰੁੱਸਤ – ਜਾਖੜ

226

Batala sewerage system

 

ਬਟਾਲਾ, 12 ਫਰਵਰੀ 2019 – ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦੇ ਨਗਰ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇਗਾ। ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਸ ਸਬੰਧੀ ਉਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁੱਦਾ ਵਿਚਾਰਿਆ ਹੈ ਅਤੇ ਛੇਤੀ ਹੀ ਮੁੱਖ ਮੰਤਰੀ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣਗੇ। ਉਨਾਂ ਕਿਹਾ ਕਿ ਜੇਕਰ ਫਗਵਾੜਾ, ਹੁਸ਼ਿਆਰਪੁਰ ਅਤੇ ਪਠਾਨਕੋਟ ਸ਼ਹਿਰ ਨਗਰ ਨਿਗਮ ਬਣ ਸਕਦੇ ਹਨ ਤਾਂ ਬਟਾਲਾ ਵੀ ਨਗਰ ਨਿਗਮ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਉਨਾਂ ਕਿਹਾ ਕਿ ਬਟਾਲਾ ਦੇ ਨਗਰ ਨਿਗਮ ਬਣਨ ਨਾਲ ਇਸਦੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਹੋਵੇਗਾ ਅਤੇ ਸਰਕਾਰ ਕੋਲੋਂ ਵੀ ਇਥੇ ਵੱਧ ਗ੍ਰਾਂਟਾਂ ਆਉਣਗੀਆਂ ਜਿਸ ਨਾਲ ਸ਼ਹਿਰ ਦਾ ਵਿਕਾਸ ਸੰਭਵ ਹੋ ਸਕੇਗਾ।

ਬਟਾਲਾ ਸ਼ਹਿਰ ਦੀ ਹਾਲਤ ਉੱਪਰ ਚਿੰਤਾ ਜ਼ਾਹਰ ਕਰਦਿਆਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਇਤਿਹਾਸਕ ਸ਼ਹਿਰ ਨੂੰ ਮਾੜੀ ਹਾਲਤ ’ਚੋਂ ਬਾਹਰ ਕੱਢਣ ਲਈ ਯਤਨ ਅਰੰਭ ਚੁੱਕੀ ਹੈ ਅਤੇ ਛੇਤੀ ਹੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ 110 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰੋਜੈਕਟ ਉਲੀਕਿਆ ਹੈ ਅਤੇ ਅਉਂਦੇ 10 ਦਿਨਾਂ ਦੇ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਬਟਾਲਾ ਪਹੁੰਚ ਕੇ ਸੀਵਰੇਜ ਦੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਉਨਾਂ ਕਿਹਾ ਕਿ 11 ਫਰਵਰੀ ਨੂੰ ਸੀਵਰੇਜ ਬੋਰਡ ਦੇ ਸੀ.ਈ.ਓ. ਅਜੇ ਸ਼ਰਮਾਂ ਬਟਾਲਾ ਸ਼ਹਿਰ ਦਾ ਦੌਰਾ ਕਰਕੇ ਸਮੁੱਚੇ ਹਲਾਤ ਦਾ ਜਾਇਜਾ ਲੈ ਕੇ ਸਰਕਾਰ ਨੂੰ ਰਿਪੋਰਟ ਕਰਨਗੇ। ਉਨਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ 8 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤਹਿਤ ਵਿਸ਼ਵਾ ਮਿੱਤਰ ਸੇਖੜੀ ਮਾਰਗ ਸਮੇਤ ਹੋਰ ਪ੍ਰਮੁੱਖ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨਾਂ ਕਿਹਾ ਕਿ ਇਸਤੋਂ ਇਲਾਵਾ ਬਟਾਲਾ ਸ਼ਹਿਰ ਦੇ ਰਹਿੰਦੇ ਵਿਕਾਸ ਲਈ ਹੋਰ ਵੀ ਗ੍ਰਾਂਟ ਸੂਬਾ ਸਰਕਾਰ ਵਲੋਂ ਭੇਜੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਵਿਕਾਸ ਦੀ ਨਿਗਰਾਨੀ ਲਈ ਸ਼ਹਿਰ ਵਾਸੀਆਂ ਦੀ ਇੱਕ ਮਾਨੀਟਰਿੰਗ ਕਮੇਟੀ ਬਣਾਈ ਜਾਵੇਗੀ ਜੋ ਵਿਕਾਸ ਕਾਰਜਾਂ ਦੀ ਪ੍ਰਗਤੀ ਅਤੇ ਕੰਮ ਦੀ ਗੁਣਵਤਾ ਦੀ ਨਿਗਰਾਨੀ ਕਰੇਗੀ।

ਸ੍ਰੀ ਜਾਖੜ ਨੇ ਕਿਹਾ ਕਿ ਬਟਾਲਾ ਸ਼ਹਿਰ ਦੀ ਤਰਸਯੋਗ ਹਾਲਤ ਲਈ ਅਕਾਲੀ-ਭਾਜਪਾ ਸਰਕਾਰ ਦਾ 10 ਸਾਲਾ ਕੁਸ਼ਾਸਨ ਜਿੰਮੇਵਾਰ ਹੈ, ਜਿਨਾਂ ਨੇ ਪੂਰਾ ਇੱਕ ਦਹਾਕਾ ਇਸ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਨੂੰ ਪੂਰੀ ਤਰਾਂ ਅਣਗੌਲੀ ਰੱਖਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਸ਼ਹਿਰ ਦੀ ਹਾਲਤ ਤੋਂ ਜਾਣੂ ਹਨ ਅਤੇ ਉਨਾਂ ਨੇ ਸ਼ਹਿਰ ਦੇ ਸੁਧਾਰ ਦਾ ਬੀੜਾ ਚੱੁਕਿਆ ਹੈ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦੇ ਸ਼ਹਿਰ ਨੂੰ ਵਿਕਾਸ ਪੱਖੋਂ ਪਿਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਸ਼ਹਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸੂਬਾ ਸਰਕਾਰ ਬਟਾਲਾ ਦੇ ਵਿਕਾਸ ਵਿੱਚ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦੇਵੇਗੀ।

ਸਾਂਸਦ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਨਾਂ ਦੇ ਯਤਨਾ ਸਦਕਾ ਟਰੇਨ ਨੰਬਰ 19415/19416 ਅਹਿਮਦਾਬਾਦ-ਸ੍ਰੀ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈਸ ਹੁਣ ਬਟਾਲਾ ਜੰਕਸ਼ਨ ਉੱਪਰ ਵੀ ਰੁਕਿਆ ਕਰੇਗੀ। ਸ੍ਰੀ ਜਾਖੜ ਨੇ ਕਿਹਾ ਕਿ ਰੇਲਵੇ ਮੰਤਰੀ ਨੇ ਉਨਾਂ ਨੂੰ ਇਹ ਲਿਖਤੀ ਭਰੋਸਾ ਦਿੱਤਾ ਹੈ। ਉਨਾਂ ਕਿਹਾ ਅੰਮਿ੍ਰਤਸਰ-ਪਠਾਨਕੋਟ ਰੇਲਵੇ ਲਾਈਨ ਦਾ ਬਿਜਲੀਕਰਨ ਵੀ ਕੀਤਾ ਜਾ ਰਿਹਾ ਹੈ ਜੋ ਇਸ ਸਾਲ ਮਾਰਚ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਉਨਾਂ ਨੇ ਰੇਲਵੇ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਜੂਨ ਅਤੇ ਦਸੰਬਰ ਮਹੀਨੇ ਦੀਆਂ ਸਕੂਲੀ ਛੁੱਟੀਆਂ ਸਮੇਂ ਬਟਾਲਾ ਤੋਂ ਵੈਸ਼ਨੋ ਦੇਵੀ ਲਈ ਮਹੀਨਾ ਭਰ ਰੋਜ਼ਾਨਾ ਵਿਸ਼ੇਸ਼ ਗੱਡੀ ਚਲਾਈ ਜਾਵੇ ਤਾਂ ਜੋ ਬੱਚੇ ਅਤੇ ਹੋਰ ਸ਼ਰਧਾਲੂ ਪਾਵਨ ਤੀਰਥ ਦੇ ਦਰਸ਼ਨ ਕਰ ਸਕਣ।

ਇਸ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਨੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ. ਹਰਿੰਦਰ ਸਿੰਘ ਕਲਸੀ ਦੇ ਗ੍ਰਹਿ ਵਿਖੇ ਪਹੁੰਚ ਕੇ ਕਲਸੀ ਪਰਿਵਾਰ ਨੂੰ ਉਨਾਂ ਦੇ ਬੇਟੇ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨਾਂ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਸਤਨਾਮ ਸਿੰਘ ਨਿੱਜਰ, ਸ਼ਕਤੀ ਮਹਾਜਨ, ਅਜੇ ਮਹਾਜਨ, ਸੁਨੀਲ ਸਰੀਨ ਬਟਾਲਾ ਅਤੇ ਸ਼ਹਿਰ ਦੀਆਂ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ |