ਬਾਬਾ ਸਾਹਿਬ ਦਾ ਜਨਮ ਦਿਹਾੜਾ ਘਰੋਂ ਘਰੀ ਉਤਸਾਹ ਨਾਲ ਮਨਾਇਆ ਗਿਆ – ਜਸਵੀਰ ਮਣਕੂ

167

Baba Sahib

 

ਲੁਧਿਆਣਾ, 14 ਅਪ੍ਰੈਲ 2020 – ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਲੌਕਡਾਊਨ ਦੇ ਬਾਵਜੂਦ ਵੀ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਬੇਸ਼ੱਕ ਇਕੱਠ ਕਰਨਾ ਜਿੱਥੇ ਕਾਨੂੰਨ ਦੀ ਉਲੰਘਣਾ ਹੈ, ਉੱਥੇ ਮਾਨਵਤਾ ਲਈ ਮਹਾਂਮਾਰੀ ਦਾ ਖਤਰਾ ਵੀ ਮੁੱਲ ਲੈਣ ਦੇ ਬਰਾਬਰ ਹੈ, ਫਿਰ ਵੀ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੇ ਰਹਿਬਰ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪਲਟਾਊ ਯੋਧੇ, ਭਾਰਤ ਰਤਨ ਅਤੇ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਣ ਤੋਂ ਕੋਈ ਤਾਕਤ ਰੋਕ ਨਹੀਂ ਪਾਈ।

ਜਿਲ੍ਹਾ ਬਠਿੰਡਾ ਦੇ ਹਲਕਾ ਭੁੱਚੋ ਦੇ ਪਿੰਡ ਤੁੰਗਵਾਲੀ ਵਿੱਚ ਦਲਿਤ ਨੇਤਾ,ਸਮਾਜ ਸੇਵੀ ਅਤੇ ਗਾਇਕ ਸੋਮੀ ਤੁੰਗਵਾਲੀਆ ਨੇ ਆਪਣੇ ਘਰ ਵਿੱਚ ਹੀ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ।ਉਨ੍ਹਾਂ ਆਪਣੇ ਘਰ ਵਿੱਚ ਹੀ ਬਾਬਾ ਸਾਹਿਬ ਦੀ ਫੋਟੋ ਨੂੰ ਬਿਰਾਜਮਾਨ ਕਰਕੇ ਸਾਰੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਉਨ੍ਹਾਂ ਤੋਂ ਇਲਾਵਾ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ, ਗੁਰਜੰਟ ਸਿੰਘ ਅਤੇ ਇਕਬਾਲ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਬੋਲਦਿਆਂ ਸੋਮੀ ਤੁੰਗਵਾਲੀਆ ਨੇ ਕਿਹਾ ਕਿ ਅੱਜ ਦੇਸ਼ ਵਿੱਚ ਲੌਕਡਾਊਨ ਦੇ ਕਾਰਨ ਸਾਨੂੰ ਮਹਾਨ ਰਹਿਬਰ ਦਾ ਜਨਮ ਦਿਹਾੜਾ ਵੀ ਘਰਾਂ ਵਿੱਚ ਰਹਿ ਕੇ ਮਨਾਉਣਾ ਪੈ ਰਿਹਾ ਹੈ।ਉਨ੍ਹਾਂ ਦਲਿਤ ਵਰਗ ਨੂੰ ਅਪੀਲ ਕੀਤੀ ਕਿ ਰਾਜਨੀਤਕ ਨੇਤਾਵਾਂ ਦੇ ਕਹਿਣ ਤੇ ਉਹ ਕਦੇ ਥਾਲੀਆਂ, ਤਾਲੀਆਂ ਤੇ ਮੋਮਬੱਤੀਆਂ ਜਗਾਉਣ ਨੂੰ ਛੱਡਣ ਅਤੇ ਬਾਬਾ ਸਾਹਿਬ ਦੇ ਜਨਮ ਦਿਵਸ ਤੇ ਅੱਜ ਆਪਣੇ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਕਿਉਂਕਿ ਜੇਕਰ ਬਾਬਾ ਸਾਹਿਬ ਨਾ ਹੁੰਦੇ ਤਾਂ ਦਲਿਤ ਸਮਾਜ ਦੀ ਜਿੰਦਗੀ ਸ਼ਾਇਦ ਕਦੇ ਵੀ ਰੌਸ਼ਨ ਨਾ ਹੁੰਦੀ। ਅਖੀਰ ਵਿੱਚ “ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਅਮਰ ਰਹੇ” ਦੇ ਨਾਹਰੇ ਲਗਾਏ ਗਏ ।