ਮਾਲ ਰੋਡ ਲੜਕੀਆਂ ਦੇ ਸਕੂਲ ਵਿਖੇ ਲਗਾਇਆ ਗਿਆ ਨਸ਼ਾ ਵਿਰੁੱਧ ਜਾਗਰੁਕਤਾ ਸੈਮੀਨਾਰ

134

 

ਅੰਮ੍ਰਿਤਸਰ, 18 ਜੁਲਾਈ 2018 – ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਹੈਡਮਾਸਟਰਾਂ, ਪ੍ਰਿੰਸੀਪਲਾਂ ਅਤੇ ਸੀਡੀਪੀਓਜ਼ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਅਧਿਆਪਕ ਹੀ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾ ਸਕਦੇ ਹਨ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇ ਕੇ ਸਹੀ ਰਸਤੇ ਤੇ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਾ ਜਿਆਦਾ ਸਮਾਂ ਸਕੂਲ ਵਿਚ ਹੀ ਬਿਤਾਉਂਦਾ ਹੈ ਅਤੇ ਅਧਿਆਪਕ ਹੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਇਕ ਚੰਗੇ ਸਮਾਜ, ਰਾਸ਼ਟਰ ਦਾ ਨਿਰਮਾਤਾ ਹੁੰਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਨਸ਼ੇ ਵਰਗੀਆਂ ਭੈੜੀਆਂ ਆਦਤਾਂ ਤੋਂ ਜਾਗਰੂਕ ਕਰਨ ਅਤੇ ਜੇਕਰ ਕੋਈ ਬੱਚਾ ਨਸ਼ੇ ਵਰਗੀ ਗਲਤ ਆਦਤ ਵਿੱਚ ਪੈ ਗਿਆ ਹੈ ਤਾਂ ਉਸਦਾ ਇਲਾਜ ਕਰਵਾਉਣ।

 

college

 

ਸ: ਸੰਘਾ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਸਮੇਂ-ਸਮੇਂ ਤੇ ਬੱਚਿਆਂ ਦੇ ਮਾਪਿਆਂ ਨਾਲ ਮਿਲਣੀ ਕਰਕੇ ਉਨ੍ਹਾਂ ਦੇ ਬੱਚਿਆਂ ਦੇ ਵਿਵਹਾਰ ਪ੍ਰਤੀ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਦੇਣ ਤਾਂ ਜੋ ਬੱਚਿਆਂ ਦੇ ਪ੍ਰਤੀ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਜਾ ਸਕੇ।

ਸ: ਸੰਘਾ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਰੈਡ ਕਰਾਸ ਦੀ ਸਹਾਇਤਾ ਨਾਲ 40 ਸਰਕਾਰੀ ਸਕੂਲਾਂ ਨੂੰ ਸਪੋਰਟਸ ਕਿੱਟਾਂ ਅਤੇ ਨਹਿਰੂ ਯੂਵਾ ਕੇਂਦਰ ਦੀ ਸਹਾਇਤਾ ਨਾਲ 10 ਸਪੋਰਟਸ ਕਿੱਟਾਂ ਯੂਥ ਕਲੱਬਾਂ ਨੂੰ ਵੰਡੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਰੂਚੀ ਨੂੰ ਖੇਡਾਂ ਅਤੇ ਪੜ੍ਹਾਈ ਵਿੱਚ ਲਾ ਕੇ ਹੀ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾਂ ਪੀੜਤਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਸਰਕਾਰ ਵਲੋਂ ਉਨ੍ਹਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ।

ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਪੀਡੀ ਗਰਗ ਮੁੱਖੀ ਮਨੋਵਿਗਿਆਨੀ ਨੇ ਸੈਮੀਨਾਰ ਵਿੱਚ ਹਾਜ਼ਰ ਵਿਅਕਤੀਆਂ ਨੂੰ ਵੱਖ-ਵੱਖ ਨਸ਼ਿਆਂ ਪ੍ਰਤੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਕੋਈ ਵੀ ਵਿਅਕਤੀ ਨਸ਼ਾ ਛੱਡਣ ਨਾਲ ਨਹੀਂ ਸਗੋਂ ਨਸ਼ੇ ਦੀ ਓਵਰਡੋਜ਼ ਨਾਲ ਮਰਦਾ ਹੈ। ਇਸ ਮੌਕੇ ਡਾ. ਰਾਣਾ ਰਣਬੀਰ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਹੀ ਬੱਚਿਆਂ ਦੇ ਨਾਲ ਕਾਉਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਬੂਰੇ ਪ੍ਰਭਾਵਾਂ ਤੋਂ ਸੁਚੇਤ ਕਰ ਸਕਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਕਲਾਸ ਰੂਮਾਂ ਵਿਚ ਬੱਚਿਆਂ ਨਾਲ ਗੱਲਬਾਤ ਕਰਕੇ ਅਤੇ ਗਲਤ ਰਸਤੇ ‘ਤੇ ਪਏ ਬੱਚਿਆਂ ਨੂੰ ਵਾਪਿਸ ਸਹੀ ਰਸਤੇ ਪਾ ਸਕਦੇ ਹਨ।

ਇਸ ਸੈਮੀਨਾਰ ਵਿੱਚ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ੍ਰੀ ਰਾਜੇਸ਼ ਸ਼ਰਮਾ ਐਸਡੀਐਮ ਅੰਮ੍ਰਿਤਸਰ 2, ਸ੍ਰੀਮਤੀ ਸੁਨੀਤਾ ਕਿਰਨ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ੍ਰੀ ਸ਼ਿਸ਼ੂਪਾਲ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸ੍ਰੀਮਤੀ ਰੇਖਾ ਮਹਾਜਨ ਉਪ ਜਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਰਾਜੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਹੈਡ ਮਾਸਟਰ ਅਤੇ ਪ੍ਰਿੰਸੀਪਲ ਹਾਜ਼ਰ ਸਨ।