ਜ਼ਿਲਾ ਵਾਸੀਆਂ ਨੂੰ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

167

ਸ਼੍ਰੀ ਮੁਕਤਸਰ ਸਾਹਿਬ, 27 ਅਪ੍ਰੈਲ 2018 – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਠਕ ਅੱਜ ਇੱਥੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਕਿਸ਼ੋਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ, ਐਸ.ਐਸ.ਪੀ. ਸ੍ਰੀ ਸੁਸ਼ੀਲ ਕੁਮਾਰ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ: ਕੰਵਲਜੀਤ ਸਿੰਘ, ਸ੍ਰੀ ਨਵਦੀਪ ਗਿਰਧਰ, ਜ਼ਿਲਾ ਅਟਾਰਨੀ ਆਦਿ ਵੀ ਹਾਜਰ ਸਨ।
ਇਸ ਮੌਕੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਉਪਲਬੱਧ ਕਰਵਾਈ ਜਾ ਰਹੀ ਹੈ। ਪਿਛਲੀ ਤਿਮਾਹੀ ਦੌਰਾਨ 91 ਕੇਸਾਂ ਵਿਚ ਮੁਫ਼ਤ ਕਾਨੂੰਨੀ ਸੇਵਾਵਾਂ ਦਿੱਤੀਆਂ ਗਈਆਂ ਹਨ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤ ਕਾਨੂੰਨੀ ਸਹਾਇਤਾ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਜਾਂ ਉਸ ਅਦਾਲਤ ਵਿਚ ਜਿੱਥੇ ਉਨਾਂ ਦਾ ਕੇਸ ਚਲਦਾ ਹੈ ਵਿਖੇ ਅਰਜੀ ਦੇ ਸਕਦੇ ਹਨ। ਉਨਾਂ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਆਪਸੀ ਸਹਿਮਤੀ ਨਾਲ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਸਾਲ 14 ਜੁਲਾਈ, 8 ਸਤੰਬਰ ਅਤੇ 8 ਦਸੰਬਰ 2018 ਨੂੰ ਲੋਕ ਅਦਾਲਤਾਂ ਲੱਗ ਰਹੀਆਂ ਹਨ।
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਅਥਾਰਟੀ ਦੀਆਂ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।