Posted on

ਅੰਮ੍ਰਿਤਸਰ ਜਿਲੇ ਦੇ 90 ਫੀਸਦੀ ਪਿੰਡਾਂ ਵਿਚ ਸੋਡੀਅਮ ਹਾਈਪੋ ਕਲੋਰਾਈਟ ਦੀ ਸਪਰੇਅ ਮੁਕੰਮਲ

Amritsar

Amritsar

 

ਅੰਮ੍ਰਿਤਸਰ, 30 ਮਾਰਚ 2020 – ਅੰਮ੍ਰਿਤਸਰ ਜਿਲੇ ਦੇ ਪਿੰਡਾਂ ਨੂੰ ਕਰੋਨਾ ਵਾਇਰਸ ਤੋਂ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਰਸਾਇਣ ਸੋਡੀਅਮ ਹਾਈਪੋ ਕਲੋਰਾਈਟ ਭੇਜ ਦਿੱਤਾ ਗਿਆ ਸੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪੱਧਰ ਉਤੇ ਇਹ ਸਪਰੇਅ ਪਿੰਡਾਂ ਦੀ ਗਲੀਆਂ ਤੇ ਸਾਂਝੀਆਂ ਥਾਵਾਂ ਉਤੇ ਕਰ ਰਹੀਆਂ ਹਨ। ਹੁਣ ਤੱਕ 786 ਪੰਚਾਇਤਾਂ ਵਿਚ ਸਪਰੇਅ ਹੋ ਚੁੱਕੀ ਹੈ ਅਤੇ ਬਾਕੀ ਪਿੰਡ ਵੀ ਕੱਲ ਤੱਕ ਆਪਣੇ – ਆਪਣੇ ਪਿੰਡਾਂ ਵਿਚ ਰਸਾਇਣ ਦੀ ਸਪਰੇਅ ਕਰ ਲੈਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਕਰਦਿਆਂ ਕਿਹਾ ਕਿ ਜਿਲੇ ਦੀਆਂ 860 ਪੰਚਾਇਤਾਂ ਨੂੰ 16000 ਲਿਟ ਸੋਡੀਅਣ ਹਾਈਪੋ ਕਲੋਰਾਈਟ ਭੇਜਿਆ ਗਿਆ ਸੀ, ਜਿਸ ਦੀ ਵਰਤੋਂ ਸਰਕਾਰ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਕਰਨ ਦੀ ਅਪੀਲ ਪੰਚਾਇਤਾਂ ਨੂੰ ਕੀਤੀ ਗਈ ਸੀ। ਉਨਾਂ ਦੱਸਿਆ ਕਿ ਡੀ ਡੀ ਪੀ ਓ ਗੁਰਪ੍ਰੀਤ ਸਿੰਘ ਗਿੱਲ ਤੇ ਉਨਾਂ ਦੀ ਟੀਮ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਮਝਾ ਕੇ ਇਹ ਕੰਮ ਸ਼ੁਰੂ ਕਰਵਾਇਆ ਸੀ ਅਤੇ ਇਸ ਨੂੰ ਕੱਲ ਤੱਕ ਪੂਰਾ ਕਰ ਲਿਆ ਜਾਵੇਗਾ।

 

Amritsar

 

ਪਿੰਡਾਂ ਵਿਚ ਲੋੜਵੰਦ ਲੋਕਾਂ ਲਈ ਦਾਲ-ਰੋਟੀ ਦਾ ਪ੍ਰਬੰਧ ਕਰਨ ਵਾਸਤੇ ਪਿੰਡਾਂ ਦੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਸ. ਢਿਲੋਂ ਨੇ ਕਿਹਾ ਕਿ ਬਹੁਤੇ ਲੋਕਾਂ ਨੇ ਆਪਣੇ ਪੱਧਰ ਉਤੇ ਹੀ ਸਾਰੇ ਪ੍ਰਬੰਧ ਕਰ ਲਏ ਹਨ, ਪਰ ਫਿਰ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਪੰਚਾਇਤਾਂ ਨੂੰ ਪੰਚਾਇਤ ਫੰਡ ਵਿਚੋਂ ਰੋਜ਼ਾਨਾ 5 ਹਜ਼ਾਰ ਰੁਪਏ ਤੱਕ ਦਾ ਖਰਚ ਕਰਨ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਇਹ ਖਰਚ ਵੱਧ ਤੋਂ ਵੱਧ 50 ਹਜ਼ਾਰ ਰੁਪਏ ਤੱਕ ਦਾ ਹੋ ਸਕਦਾ ਹੈ। ਉਨਾਂ ਦੱਸਿਆ ਕਿ ਪੰਜਾਬੀਆਂ ਦੀ ਇਹ ਦਰਿਆ ਦਿਲੀ ਹੈ ਕਿ ਸੰਕਟ ਵੇਲੇ ਬਹੁਤੇ ਲੋਕ ਲੋੜਵੰਦਾਂ ਦੀ ਮਦਦ ਲਈ ਆ ਬਹੁੜਦੇ ਹਨ। ਸ. ਢਿਲੋਂ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਅਜਿਹਾ ਪ੍ਰਬੰਧ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀ ਦਾ ਧੰਨਵਾਦ ਕਰਦੇ ਕਿਹਾ ਕਿ ਮੈਨੂੰ ਆਪਣੇ ਜਿਲੇ ਦੇ ਅਜਿਹੇ ਲੋਕਾਂ ਉਤੇ ਮਾਣ ਰਹੇਗਾ।