ਪੰਜਾਬ ਦੇ ਪਿੰਡਾਂ ਵਿਚ ਇਸ ਸਾਲ ਲਗਾਏ 72 ਲੱਖ ਪੌਦੇ – ਡਾ. ਸੰਕਾਰੀਆ

146

Dr Sankariya

 

ਅੰਮ੍ਰਿਤਸਰ, 23 ਸਤੰਬਰ 2019 – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿੱਤ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦੀ ਜੋ ਮੁਹਿੰਮ ਮਿੱਥੀ ਗਈ ਸੀ, ਉਸ ਤਹਿਤ ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ 72 ਲੱਖ ਦੇ ਕਰੀਬ ਪੌਦੇ ਲਗਾ ਦਿੱਤੇ ਗਏ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰੋਸ਼ਨ ਸੰਕਾਰੀਆ ਸਕੱਤਰ ਜੰਗਲਾਤ ਵਿਭਾਗ ਪੰਜਾਬ ਨੇ ਅੱਜ ਅੰਮ੍ਰਿਤਸਰ ਤੋਂ ਲੈ ਕੇ ਬਿਆਸ ਤੱਕ 1071 ਅਮਲਤਾਸ ਦੇ ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਕਰਦੇ ਕੀਤਾ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਅੰਮ੍ਰਿਤਸਰ ਤੋਂ ਬਿਆਸ ਤੱਕ ਦੋਵਾਂ ਪਾਸਿਆਂ ‘ਤੇ 50-50 ਮੀਟਰ ਦੀ ਦੂਰੀ ‘ਤੇ ਅਮਲਤਾਸ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਪੌਦੇ 2 ਤੋਂ 3 ਸਾਲਾਂ ਦੇ ਅੰਦਰ-ਅੰਦਰ ਤਿਆਰ ਹੋ ਜਾਣਗੇ ਅਤੇ ਇਨ੍ਹਾਂ ਨੂੰ ਪੀਲੇ ਰੰਗ ਦੇ ਫੁੱਲ ਲੱਗਣਗੇ। ਉਨਾਂ ਦੱਸਿਆ ਕਿ ਗੁਰੂ ਦੀ ਨਗਰੀ ਆਉਣ ਵਾਲੀ ਯਾਤਰੀਆਂ ਲਈ ਇਹ ਖਿੱਚ ਦਾ ਕੇਂਦਰ ਹੋਣਗੇ।

ਡਾ. ਸੰਕਾਰੀਆ ਨੇ ਦੱਸਿਆ ਕਿ ਇਨ੍ਹਾਂ ਪੌਦਿਆਂ ਦੇ ਆਲੇ ਦੁਆਲੇ ਟੀ ਗਾਰਡ ਵੀ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਪੂਰੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਰਕਾਰ ਵਲੋਂ ਆਈ ਹਰਿਆਲੀ ਐਪ ਵੀ ਬਣਾਇਆ ਗਿਆ ਹੈ, ਜਿਸ ਨੂੰ ਕੋਈ ਵੀ ਵਿਅਕਤੀ ਡਾਊਨਲੋਡ ਕਰਕੇ ਆਪਣੇ ਨਜ਼ਦੀਕ ਦੀ ਨਰਸਰੀ ਤੋਂ ਪੌਦੇ ਪ੍ਰਾਪਤ ਕਰ ਸਕਦਾ ਹੈ। ਡਾ. ਸੰਕਾਰੀਆ ਨੇ ਕਿਹਾ ਕਿ ਕੇਵਲ ਪੌਦੇ ਲਾਉਣਾ ਹੀ ਜ਼ਰੂਰੀ ਨਹੀਂ ਬਲਿਕ ਇਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਅਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿੱਤ ਪੌਦੇ ਲਗਾਉਣ ਵਿੱਚ ਸਰਕਾਰ ਦਾ ਸਹਿਯੋਗ ਦੇਣ ਤਾਂ ਜੋ ਆਪਣੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਡਾ. ਸੰਕਾਰੀਆ ਵਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਪੌਦੇ ਲਗਾਏ ਗਏ ਹਨ ਇਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਸ: ਨਿਰਮਲਜੀਤ ਸਿੰਘ ਰੰਧਾਵਾ ਵਣਪਾਲ ਬਿਸਤ ਜਲੰਧਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬਿਆਸ ਤੱਕ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਲਈ ਵੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀ ਲਗਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਨ੍ਹਾਂ ਪੌਦਿਆਂ ਦੇ ਲੱਗਣ ਨਾਲ ਆਉਂਦੇ ਕੁਝ ਸਾਲਾਂ ਵਿੱਚ ਹੀ ਸਾਰਾ ਆਲਾ ਦੁਆਲਾ ਪੀਲੇ ਰੰਗ ਦੇ ਫੁੱਲਾਂ ਨਾਲ ਸੱਜ ਜਾਵੇਗਾ।

ਇਸ ਮੌਕੇ ਜਿਲਾ ਜੰਗਲਾਤ ਅਫ਼ਸਰ ਸ: ਸੁਰਜੀਤ ਸਿੰਘ ਸਹੋਤਾ, ਸ: ਜਗਦੀਸ਼ ਸਿੰਘ ਰੇਂਜ ਅਫ਼ਸਰ, ਸ: ਹਰਦੇਵ ਸਿੰਘ ਰੇਂਜ ਅਫ਼ਸਰ ਪੱਟੀ, ਸ: ਦਲਬੀਰ ਸਿੰਘ ਰੇਂਜ ਅਫ਼ਸਰ, ਸ: ਜਸਬੀਰ ਸਿੰਘ ਰੇਂਜ ਅਫ਼ਸਰ ਰਈਆ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।