ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿਚ 4.83 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ

168

ਸ਼੍ਰੀ ਮੁਕਤਸਰ ਸਾਹਿਬ, 24 ਅਪ੍ਰੈਲ 2018 – ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 4,83,063 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਸੀ। ਇਹ ਜਾਣਕਾਰੀ ਖਰੀਦ ਪ੍ਰਬੰਧਾਂ ਦੇ ਜਾਇਜ਼ੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਦਿੱਤੀ। ਇਸ ਮੌਕੇ ਉਨਾਂ ਨੇ ਦੱਸਿਆ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਦੀ ਕਣਕ ਬਿਨਾਂ ਦੇਰੀ ਖਰੀਦੀ ਜਾਵੇ ਅਤੇ ਕਣਕ ਦੀ ਖਰੀਦ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਅਦਾਇਗੀ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਇਕ ਦਿਨ ਦੌਰਾਨ 46,250 ਮੀਟ੍ਰਿਕ ਟਨ ਕਣਕ ਦੀ ਆਮਦ ਜ਼ਿਲੇ ਦੀਆਂ 119 ਮੰਡੀਆਂ ਵਿਚ ਹੋਈ ਜਦ ਕਿ ਬੀਤੇ ਦਿਨ ਦੌਰਾਨ 56,665 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਦੀਆਂ ਮੰਡੀਆਂ ਵਿਚ ਕੁੱਲ 5,12,900 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਉਨਾਂ ਨੇ ਦੱਸਿਆ ਕਿ ਪਿੱਛਲ ਦਿਨਾਂ ਦੌਰਾਨ ਚੌਲ ਦੀ ਢੁਆਈ ਲਈ ਸਪੈਸ਼ਲ ਟ੍ਰੇਨ ਦਾ ਰੈਕ ਲੱਗ ਜਾਣ ਕਾਰਨ ਮੰਡੀਆਂ ਵਿਚੋਂ ਲਿਫਟਿੰਗ ਥੋੜਾ ਪ੍ਰਭਾਵਿਤ ਹੋਈ ਸੀ ਪਰ ਹੁਣ ਅਜਿਹੀ ਕੋਈ ਸਪੈਸ਼ਲ ਨਹੀਂ ਲੱਗ ਰਹੀ ਹੈ ਅਤੇ ਲੇਬਰ ਅਤੇ ਟਰਾਂਸਪੋਰਟ ਪੂਰੀ ਤਰਾਂ ਨਾਲ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਵਿਚ ਲੱਗੀ ਹੋਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਕਿ ਕਿਸਾਨ ਜਿਵੇਂ ਹੀ ਮੰਡੀ ਵਿਚ ਕਣਕ ਲੈ ਕੇ ਆਵੇ ਨਾਲੋਂ ਨਾਲ ਕਣਕ ਖਰੀਦ ਲਈ ਜਾਵੇ ਅਤੇ ਫਿਰ ਬਣਦੀ ਅਦਾਇਗੀ ਕਰ ਦਿੱਤੀ ਜਾਵੇ। ਉਨਾਂ ਆੜਤੀਆਂ ਨੂੰ ਵੀ ਅਪੀਲ ਕੀਤੀ ਕਿ ਕਣਕ ਦੀ ਵਿਕਰੀ ਹੋ ਜਾਣ ਤੇ ਤੁਰੰਤ ਬਾਅਦ ਬਿੱਲ ਸਬੰਧਤ ਏਂਜਸੀ ਕੋਲ ਜਮਾਂ ਕਰਵਾ ਦਿੱਤੇ ਜਾਣ। ਉਨਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਬਣਦੀ 539 ਕਰੋੜ ਦੀ ਅਦਾਇਗੀ ਦੇ ਮੁਕਾਬਲੇ 515 ਕਰੋੜ ਰੁਪਏ ਦੀਆਂ ਅਦਾਇਗੀਆਂ ਲਈ ਐਡਵਾਈਸ ਤਿਆਰ ਹੋ ਗਏ ਹਨ। ਬੈਠਕ ਦੌਰਾਨ ਉਨਾਂ ਨੇ ਏਂਜਸੀਆਂ ਨੂੰ ਲਿਫਟਿੰਗ ਵਿਚ ਹੋਰ ਤੇਜੀ ਲਿਆਉਣ ਤੇ ਨਿਰਦੇਸ਼ ਵੀ ਦਿੱਤੇ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਏ.ਡੀ.ਸੀ. ਜਨਰਲ ਸ: ਰਾਜਪਾਲ ਸਿੰਘ, ਡੀ.ਐਫ.ਐਸ.ਸੀ. ਸ੍ਰੀ ਦਿਵਾਨ ਚੰਦ ਅਤੇ ਵੱਖ ਵੱਖ ਏਂਜਸੀਆਂ ਦੇ ਅਧਿਕਾਰੀ ਹਾਜਰ ਸਨ।